Sunday, September 29, 2013

Baljit Basi's Unique Work

Name: Baljit Basi
Work and education: Panjab University, Chandigarh and Jalandhar, India
Location: Westland, Michigan
Home Town: Bundala, Punjab, India
Baljit Basi
Contact Information
Email: baljit.basi@facebook.com

ਫਰੰਗੀ ਦਾ ਧੋਬੀ-ਪਟੜਾ
$$$$$$$$$$$$$

ਪਿਛਲੇ ਦਿਨੀਂ ਪੰਜਾਬੀ ਦੇ ਬਹੁਪੱਖੀ ਪ੍ਰਤਿਭਾ ਵਾਲੇ ਨੌਜਵਾਨ ਪੰਜਾਬੀ ਲੇਖਕ ਬਲਰਾਜ ਸਿੱਧੂ ਦਾ ਇਕ ਲੇਖ ਪੜ੍ਹ ਰਿਹਾ ਸਾਂ ਜਿਸ ਵਿਚ ਬ੍ਰਾਇਟਨ ਨਾਮੀਂ ਇੰਗਲੈਂਡ ਦੇ ਇਕ ਨਿਊਡ ਬੀਚ ਦਾ ਰੁਮਾਂਚਕ ਵਰਨਣ ਹੈ। ਇਸ ਬੀਚ ਵਿਚ ਹਰ ਕੋਈ ਨਗਨ ਹੋ ਕੇ ਸੀਆ ਸੇਕਣ ਜਾ ਸਕਦਾ ਹੈ। ਸਿੱਧੂ ਪੰਜਾਬੀ ਦਾ ਇਕ ਉਭਰਦਾ ਹੋਇਆ ਇਤਿਹਾਸ ਗਲਪਕਾਰ ਹੈ। ਇਸ ਰਚਨਾ ਵਿਚ ਵੀ ਉਸਨੇ ਇਸ ਬੀਚ ਦੇ ਪ੍ਰਮਾਣਕ ਇਤਿਹਾਸਕ ਵੇਰਵੇ ਦਿੱਤੇ ਹਨ। ਬੰਦਰਗਾਹ ਵਾਲੇ ਸ਼ਹਿਰ ਦਾ ਪੁਰਾਣਾ ਨਾਂ ਬ੍ਰਿਸਟਲਮਸਟਿਉਨ ਸੀ ਜੋ ਬਾਅਦ ਵਿਚ ਸੁੰਗੜਦਾ ਸੁੰਗੜਦਾ ਬਰਾਇਟਨ ਬਣਿਆ। ਇਹ ਸ਼ਹਿਰ ਗਿਆਰਵੀਂ ਸਦੀ ਵਿਚ ਵਸਿਆ ਦੱਸਿਆ ਜਾਂਦਾ ਹੈ। ਸਮੁੰਦਰ ਰਸਤੇ ਤੋਂ ਇਸ ਪਾਸਿਓਂ ਇੰਗਲੈਂਡ ਤੇ ਅਕਸਰ ਹੀ ਹਮਲੇ ਹੁੰਦੇ ਰਹਿੰਦੇ ਸਨ। ਲੇਖਕ ਅਨੁਸਾਰ 1514 ਵਿਚ ਇਹ ਸਥਾਨ ਫਰਾਂਸ ਤੇ ਇੰਗਲੈਂਡ ਦਰਮਿਆਨ ਭਿਅੰਕਰ ਯੁਧ ਦੌਰਾਨ ਸੜ ਕੇ ਤਬਾਹ ਹੋ ਗਿਆ। ਕੇਵਲ ਇਕ ਸੇਂਟ ਨਿਕੋਲਸ ਚਰਚ ਹੀ ਬਚਿਆ। ਇਸ ਸਾਰੀ ਤਬਾਹੀ ਦੀ ਹੌਲੀ ਹੌਲੀ ਪੁਨਰ ਉਸਾਰੀ ਕੀਤੀ ਗਈ । ਲੇਖਕ ਦੇ ਸ਼ਬਦਾਂ ਵਿਚ,"ਉਸ ਸਮੇਂ ਸੜ ਕੇ ਸੁਆਹ ਹੋਏ ਉਹਨਾਂ ਪੁਰਾਤਨ ਰਸਤਿਆਂ ਨੂੰ ਅੱਜ ਵੀ ਲੇਨਜ਼ ਆਖ ਕੇ ਫਰੰਗੀਆਂ ਨੇ ਆਪਣੇ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਹੋਇਆ ਹੈ।" ਸਾਰਾ ਬਿਰਤਾਂਤ ਬਹੁਤ ਹੀ ਜਾਣਕਾਰੀ ਭਰਪੂਰ, ਮਨੋਰੰਜਕ ਅਤੇ ਨਿੱਜੀ ਛੋਹਾਂ ਨਾਲ ਭਰਿਆ ਪਿਆ ਹੈ। ਕਿਸੇ ਵੀ ਲਿਖਤ ਵਿਚ ਵਰਤੇ ਜਾਂਦੇ ਸ਼ਬਦਾਂ ਬਾਰੇ ਹਮੇਸ਼ਾ ਚੁਕੰਨਾਂ ਰਹਿਣ ਕਾਰਨ ਇਸ ਪ੍ਰਸੰਗ ਵਿਚ ਫਰੰਗੀ ਸ਼ਬਦ ਪੜ੍ਹ ਕੇ ਮੈਂ ਠਠੰਬਰ ਜਿਹਾ ਗਿਆ। ਇਹ ਤਾਂ ਸਭ ਜਾਣਦੇ ਹਨ ਕਿ ਅਸੀਂ ਭਾਰਤੀ ਅੰਗਰੇਜਾਂ ਲਈ ਫਰੰਗੀ ਸ਼ਬਦ ਆਮ ਹੀ ਵਰਤਦੇ ਰਹੇ ਹਾਂ। ਪਰ ਭਾਰਤੀ ਇਤਿਹਾਸ ਦੇ ਸਰਸਰੀ ਜਿਹੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਸਾਡੀਆਂ ਬੋਲੀਆਂ ਵਿਚ ਇਹ ਸ਼ਬਦ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਵੀ ਕਈ ਸਦੀਆਂ ਪਹਿਲਾਂ ਪ੍ਰਵੇਸ਼ ਕਰ ਚੁੱਕਾ ਸੀ। ਅੱਗੇ ਜਾ ਕੇ ਭੇਤ ਖੋਲ੍ਹਦਾ ਹਾਂ ਕਿ ਮੈਨੂੰ ਉਕਤ ਪ੍ਰਸੰਗ ਵਿਚ ਇਹ ਸ਼ਬਦ ਕਿਉਂ ਅਢੁਕਵਾਂ ਲੱਗਿਆ ਭਾਵੇਂ ਗਲਤ ਨਹੀਂ ਕਹਾਂਗਾ।

ਆਉ ਜ਼ਰਾ ਪੁਰਾਣੀਆਂ ਲਿਖਤਾਂ ਵਿਚ ਇਸ ਸ਼ਬਦ ਦੀ ਵਰਤੋਂ ਬਾਰੇ ਪੰਛੀ-ਝਾਤ ਮਾਰ ਲਈਏ। ਸੋਲ੍ਹਵੀਂ ਸਦੀ ਦੇ ਹਿੰਦੀ ਕਵੀ ਜਾਇਸੀ ਨੇ ਲਿਖਿਆ ਹੈ,"ਹਬਸ਼ੀ, ਰੂਸੀ ਔਰ ਫਿਰੰਗੀ, ਬੜ ਬੜ ਗੁਨੀ ਔਰ ਤੇਹਿ ਸੰਗੀ।" ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ "ਫਿਰੰਗੀਆਂ" ਦੇ ਜ਼ੁਲਮਾਂ ਦੀ ਦਾਸਤਾਨ ਸੁਣਾਉਂਦੇ ਹੋਏ ਭਾਰਤ ਵਾਸੀਆਂ ਨੂੰ ਇਸ ਤੋਂ ਆਜਾਦ ਹੋਣ ਦਾ ਹੋਕਾ ਦਿੱਤਾ ਸੀ। ਸਿੰਘਾਂ ਦੀ ਅੰਗਰੇਜ਼ਾਂ ਨਾਲ ਹੋਈ ਲੜਾਈ ਬਾਰੇ ਸ਼ਾਹ ਮੁਹੰਮਦ ਦੁਆਰਾ ਰਚੀ ਵਾਰ ਵਿਚ ਤਾਂ ਅੰਗਰੇਜ਼ਾਂ ਲਈ ਫਰੰਗੀ ਸ਼ਬਦ ਕਈ ਵਾਰੀ ਆਇਆ ਹੈ। ਇਹ ਵਾਰ ਜਾਣੀ ਹੀ "ਜੰਗ ਸਿੰਘਾਂ ਤੇ ਫਰੰਗੀਆਂ" ਵਜੋਂ ਹੈ। ਕੁਝ ਹਵਾਲੇ ਦੇਖੋ:
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ'
....
ਪੁਲ ਬੱਧਾ ਫਰੰਗੀ ਨੇ ਖ਼ਬਰ ਸੁਣ ਕੇ, ਲਾਂਘੇ ਪਏ ਨੀ ਵਿਚ ਪਲਕਾਰਿਆਂ ਦੇ।
ਆਏ ਸ਼ਹਿਰ ਲਾਹੌਰ ਨੂੰ ਖੁਸ਼ੀ ਕਰਦੇ, ਵਾਜੇ ਵੱਜਦੇ ਨਾਲ ਨਗਾਰਿਆਂ ਦੇ।
ਦਸਮ ਗ੍ਰੰਥ ਵਿਚ ਵੀ ਇਹ ਸ਼ਬਦ ਕੁਝ ਇਕ ਵਾਰੀ ਆਇਆ ਹੈ,"ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ।"- ਅਕਾਲ ਉਸਤਤ
ਚਰਿਤਰ 125 ਵਿਚ ਫਿਰੰਗ ਦੇਸ਼ ਦਾ ਜਿਕਰ ਹੈ,
ਕੋਟ ਕੋ ਕੂਦ ਸਮੁਦ੍ਰ ਕੋ ਫਾਂਧ ਫਿਰੰਗ ਮੇਂ ਆਨ ਪਰਯੋ ਅਭਿਮਾਨੀ
ਹੋਰ ਦੇਖੋ:
ਲੂਟਿ ਫਿਰੰਗੀ ਲਏ ਸਕਲ ਇਕਠੇ ਭਏ ॥ ਸਾਹਜਹਾਂ ਜੂ ਜਹਾ ਤਹੀ ਸਭ ਹੀ ਗਏ ॥ ਸਭੈ ਲਗੇ ਦੀਵਾਨਿ ਪੁਕਾਰੇ ਆਇ ਕੈ ॥
ਸਾਹਿਬ ਸਿੰਘ ਲਿਖਤ ਅਠਾਰਵੀਂ ਸਦੀ ਦੇ ਅਰੰਭ ਦੀ ਰਚਨਾ "ਗੁਰ ਰਤਨ ਮਾਲ" ਅਥਵਾ "ਸੌ ਸਾਖੀ" ਵਿਚ ਵੀ ਇਹ ਸ਼ਬਦ ਦੋ ਕੁ ਵਾਰੀ ਆਇਆ ਹੈ। ਇਕ ਥਾਂ ਤੇ ਤਾਂ ਫਰੰਗੀ ਫਰਾਂਸੀਸ ਇਕੱਠੇ ਹੀ ਆਏ ਹਨ।
ਹਮਾਯੂੰ ਸ਼ਾਸਨ ਦੌਰਾਨ ਇਕ ਫਿਰੰਗੀ ਸੈਨਿਕ ਦਾ ਜ਼ਿਕਰ ਆਉਂਦਾ ਹੈ ਜੋ ਈਸਾਈ ਤੋਂ ਮੁਸਲਮਾਨ ਬਣ ਗਿਆ ਤੇ ਫਿਰੰਗੀ ਖਾਂ ਨਾਮ ਨਾਲ ਜਾਣਿਆ ਜਾਣ ਲੱਗਾ। ਗੱਲ ਕੀ ਮਧਕਾਲ ਵਿਚ ਫਰੰਗੀ ਸ਼ਬਦ ਗੋਰਿਆਂ ਲਈ ਆਮ ਵਰਤਿਆ ਜਾਂਦਾ ਸੀ। ਅਨੇਕਾਂ ਵਾਰੀ ਫਿਰੰਗ ਸ਼ਬਦ ਵੀ ਵਰਤਿਆ ਮਿਲਦਾ ਹੈ, ਜੋ ਅੰਗਰੇਜ਼ਾਂ/ਯੂਰਪੀਨਾਂ ਦੇ ਦੇਸ਼ ਲਈ ਵਰਤਿਆ ਗਿਆ ਹੈ। ਮਧ ਕਾਲ ਵਿਚ ਭਾਰਤੀ ਲੋਕਾਂ ਨੂੰ ਯੂਰਪ ਦੇ ਦੇਸ਼ਾਂ ਬਾਰੇ ਭੂਗੋਲਿਕ ਜਾਣਕਾਰੀ ਬਹੁਤ ਘਟ ਸੀ। ਇਹ ਵੀ ਸੱਚ ਹੈ ਕਿ ਯੂਰਪੀਅਨਾਂ ਨੂੰ ਵੀ ਭਾਰਤ ਦੀ ਭੁਗੋਲਿਕ ਜਾਣਕਾਰੀ ਬਹੁਤੀ ਨਹੀਂ ਸੀ ਜਿਸ ਕਰਕੇ ਭਾਰਤ ਲਈ ਭਟਕਦੇ ਭਟਕਦੇ ਕੋਲੰਬਸ ਦਾ ਜਹਾਜ਼ ਅਮਰੀਕਾ ਜਾ ਪੁੱਜਾ ਸੀ।
ਸਾਰੇ ਜਾਣਦੇ ਹੀ ਹਨ ਕਿ ਅੰਗਰੇਜ਼ਾਂ ਤੋਂ ਵੀ ਪਹਿਲਾਂ ਹੋਰ ਯੂਰਪੀਅਨ ਦੇਸ਼ਾਂ ਦੇ ਹਾਕਮਾਂ ਜਿਵੇਂ ਪੁਰਤਗਾਲੀਆਂ, ਫਰਾਂਸੀਸੀਆਂ ਆਦਿ ਨੇ ਵੀ ਭਾਰਤ ਉਤੇ ਆਂਸ਼ਕ ਤੌਰ ਤੇ ਰਾਜ ਕੀਤਾ ਹੈ। ਪਰ ਹਾਬਸਨ ਜਾਬਸਨ ਦੇ ਲੇਖਕ ਅਨੁਸਾਰ ਭਾਰਤੀ ਭਾਸ਼ਾਵਾਂ ਵਿਚ ਫਿਰੰਗੀ ਸ਼ਬਦ ਇਨ੍ਹਾਂ ਦੇ ਆਗਮਨ ਤੋਂ ਵੀ ਪਹਿਲਾਂ ਅਰਬੀ ਜ਼ਬਾਨ ਦੁਆਰਾ ਆਇਆ। ਇਕ ਸਮੇਂ ਇਸ ਦੀ ਵਰਤੋਂ ਅੰਗਰੇਜ਼ਾਂ ਤੋਂ ਪਹਿਲੇ ਹੁਕਮਰਾਨ ਪੁਰਤਗਾਲੀਆਂ ਲਈ ਕੀਤੀ ਜਾਂਦੀ ਰਹੀ ਹੈ। ਤਾਮਿਲ ਤੇ ਲੰਕਾ ਦੀ ਸਿਨਹਾਲੀ ਭਾਸ਼ਾ ਵਿਚ ਪੁਰਤਗਾਲੀਆਂ ਲਈ "ਪਰੰਗੀ" ਜਿਹਾ ਸ਼ਬਦ ਚਲਦਾ ਰਿਹਾ ਹੈ। ਤਾਮਿਲ ਨਾਡੂ ਵਿਚ ਇਕ ਪਹਾੜੀ ਚੋਟੀ 'ਸੇਂਟ ਟਾਮਸ ਮਊਂਟ' ਦਾ ਨਾਂ "ਪਰੰਗੀ ਮਲਾਈ" ਹੈ। ਤੈਲਗੂ ਵਿਚ ਤਾਂ ਇਸ ਦਾ ਅਰਥ ਤੋਪ ਵੀ ਬਣ ਗਿਆ। ਪੁਰਤਗਾਲੀਆਂ ਵਲੋਂ ਵਰਤੀ ਇਕ ਤਲਵਾਰ ਦਾ ਨਾਂ ਵੀ ਫਿਰੰਗੀ ਹੈ। ਇਹ ਤਲਵਾਰ ਪੁਰਤਗਾਲ ਵਿਚ ਬਣਦੀ ਸੀ ਜੋ ਬਾਅਦ ਵਿਚ ਭਾਰਤ ਵਿਚ ਵੀ ਬਣਨ ਲੱਗੀ। ਪਾਣੀਪਤ ਦੀ ਲੜਾਈ ਬਾਰੇ ਬਿਰਤਾਂਤ ਵਿਚ ਬਾਬਰ ਨੇ ਆਪਣੇ ਤੋਪਖਾਨੇ ਨੂੰ "ਫਰੰਗੀਹਾ" ਦੱਸਿਆ ਹੈ। ਭਾਰਤ ਵਿਚ ਫਰੰਗੀ ਜਿਹੇ ਸ਼ਬਦ ਨੂੰ ਮੋਟੇ ਤੌਰ ਤੇ ਪਹਿਲਾਂ ਯੂਰਪੀ ਤੇ ਫਿਰ ਅੰਗਰੇਜ਼ ਸਮਝਿਆ ਗਿਆ। ਇਸ ਲਈ ਇਸ ਤੋਂ ਕੁਝ ਇਕ ਹੋਰ ਬਣੇ ਸ਼ਬਦ ਵੀ ਮਿਲਦੇ ਹਨ ਜੋ ਮੁਢਲੇ ਤੌਰ ਤੇ ਅਰਬੀ ਫਾਰਸੀ ਦੇ ਜਾਪਦੇ ਹਨ। ਫਿਰੰਗਸਤਾਨ ਜਾਂ ਫਿਰਹੰਗ ਯੂਰਪ ਨੂੰ ਕਿਹਾ ਗਿਆ। ਅਕਾਲ ਉਸਤਤ ਵਿਚ,"ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ" ਤੁਕ ਆਉਂਦੀ ਹੈ। ਆਤਸ਼ਕ ਜਿਹੀ ਬੀਮਾਰੀ ਲਈ ਵੀ ਫਿਰੰਗ, ਫਿਰੰਗਵਾਤ ਜਾਂ ਬਾਦਫਿਰੰਗ ਸ਼ਬਦ ਮਿਲਦੇ ਹਨ। ਸਮਝਿਆ ਗਿਆ ਕਿ ਇਹ ਬੀਮਾਰੀ "ਵਿਭਚਾਰੀ ਫਿਰੰਗੀਆਂ" ਤੋਂ ਫੈਲਦੀ ਹੈ। ਵਾਰਿਸ ਸ਼ਾਹ ਨੇ ਇਸ ਬੀਮਾਰੀ ਦਾ ਜ਼ਿਕਰ ਕੀਤਾ ਹੈ;
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ ਧਨੀਆਂ ਭਿਉਂ ਕੇ ਚਾ ਪਵਾਵਨੇ ਹਾਂ
ਨਾਮਰਦ ਨੂੰ ਚੀਚ ਵਹੁਟੀਆਂ ਦਾ ਤੇਲ ਕੱਢ ਕੇ ਨਿੱਤ ਮਲਾਵਨੇ ਹਾਂ
ਜੇ ਕਿਸੇ ਨੂੰ ਬਾਦ ਫਰੰਗ ਹੋਵੇ ਤੇ ਰਸਕਪੁਰ ਤੇ ਲੌਂਗ ਦਵਾਵਨੇ ਹਾਂ
ਪਰਮੇਵ ਸੁਜ਼ਾਕ ਤੇ ਛਾਹ ਮੋਤੀ ਉਹਨੂੰ ਇੰਦਰੀ ਝਾੜ ਦਵਾਵਨੇ ਹਾਂ
ਆਯੁਰਵੇਦ ਵਿਚ ਇਸ ਬੀਮਾਰੀ ਦੇ ਇਲਾਜ ਦੱਸੇ ਗਏ ਹਨ। ਆਯੁਰਵੇਦ ਦੀ ਇਕ ਮੂਲ ਲਿਖਤ ਅਚਾਰੀਆ ਭਾਵ ਮਿਸ਼ਰ ਦੁਆਰਾ ਰਚਿਤ "ਭਾਵ ਪ੍ਰਕਾਸ਼" ਵਿਚ ਇਸ ਬੀਮਾਰੀ ਦਾ ਪਹਿਲੀ ਵਾਰੀ ਜ਼ਿਕਰ ਹੋਇਆ ਮਿਲਦਾ ਹੈ। ਦਿਲਚਸਪ ਗੱਲ ਹੈ ਕਿ ਮਹਾਨ ਕੋਸ਼ ਨੇ ਇਸ ਬੀਮਾਰੀ ਦੇ ਅਰਥ ਵਜੋਂ "ਉਪਦੇਸ"æ ਸ਼ਬਦ ਦਿੱਤਾ ਹੈ ਜੋ ਸਰਾਸਰ ਗਲਤ ਹੈ। ਜਾਂ ਤਾਂ ਛਾਪੇ ਦੀ ਗਲਤੀ ਹੋਈ ਹੈ ਜਾਂ ਭਾਈ ਕਾਹਨ ਸਿੰਘ ਨੂੰ ਟਪਲਾ ਲੱਗਾ ਹੈ। ਅਸਲ ਸੰਸਕ੍ਰਿਤ ਦਾ ਸ਼ਬਦ ਉਪਦੰਸ਼ (ਦੰਸ਼ = ਡੱਸਣਾ) ਹੈ। ਸੋਡਾ ਵਾਟਰ ਜਾਂ ਅੰਗਰੇਜ਼ੀ ਸ਼ਰਾਬਖਾਨੇ ਲਈ ਫਰੰਗੀ-ਪਾਣੀ ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੈ।
ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਫਿਰੰਗੀ ਜਿਹਾ ਸ਼ਬਦ ਭਾਵੇਂ ਅਰਬੀ ਫਾਰਸੀ ਰਾਹੀਂ ਭਾਰਤ ਵਿਚ ਆਇਆ ਪਰ ਇਸ ਦੀ ਪਰਾਚੀਨਤਮ ਵਰਤੋਂ ਮਿਸਰ ਵਿਚ ਹੋਈ ਮਿਲਦੀ ਹੈ। ਗਿਆਰਵੀਂ ਸਦੀ ਵਿਚ ਯੂਰਪੀ ਈਸਾਈਆਂ ਨੇ ਯੁਰੂਸਲਮ ਤੇ ਕਬਜ਼ੇ ਲਈ ਕੁਰੂਸੇਡ (ਧਰਮ ਯੁਧ) ਅਰੰਭੇ। ਮੁਢਲੇ ਕੁਰੂਸੇਡਾਂ ਵਿਚ ਮੁਖ ਪਛਾਣ ਫਰਾਂਸੀਸੀਆਂ ਦੀ ਕੀਤੀ ਗਈ ਜੋ ਅਸਲ ਵਿਚ ਇਨ੍ਹਾਂ ਮੁਹਿੰਮਾਂ ਦੇ ਮੋਹਰੀ ਸਨ। ਸੱਚੀ ਗੱਲ ਤਾਂ ਇਹ ਹੈ ਕਿ ਫਿਰੰਗੀ ਸ਼ਬਦ ਹੀ ਫਰਾਂਸੀਸੀ ਲਈ ਵਰਤੇ ਜਾਂਦੇ ਪੁਰਾਣੇ ਸ਼ਬਦ ਫਰੈਂਕ Frank ਤੋਂ ਵਿਗੜ ਕੇ ਬਣਿਆ ਹੈ । ਇਸ ਤਰਾਂ ਇਸ ਸ਼ਬਦ ਦੀ ਦੁਨੀਆ ਭਰ ਦੀਆਂ ਵਿਭਿੰਨ ਭਾਸ਼ਾਵਾਂ ਵਿਚ ਅੱਡ ਅੱਡ ਰੂਪਾਂ ਵਿਚ ਵਿਆਪਕ ਵਰਤੋਂ ਮਿਲਦੀ ਹੈ। ਚੀਨੀ ਵਿਚ ਫਲੰਗ ਅਤੇ ਤਿੱਬਤੀ ਵਿਚ ਪੇਲੌਂਗ ਜਿਹੇ ਇਸ ਦੇ ਰੂਪ ਮਿਲਦੇ ਹਨ। ਭਾਰਤ ਵਿਚ ਇਹ ਪਹਿਲਾਂ ਕਿਸੇ ਵੀ ਯੂਰਪੀ ਦੇਸ਼ ਦੇ ਲੋਕਾਂ ਦੇ ਅਰਥ ਤੋਂ ਸੰਕੁਚਤ ਹੁੰਦਾ ਹੋਇਆ ਮਾਤਰ ਅੰਗਰੇਜ਼ਾਂ ਦਾ ਅਰਥਾਵਾਂ ਬਣ ਕੇ ਰਹਿ ਗਿਆ। ਇਹ ਸ਼ਬਦ ਪ੍ਰਸੰਗ ਅਨੁਸਾਰ ਅਲੱਗ ਅਲੱਗ ਭਾਵ ਜਗਾਉਂਦਾ ਹੈ। ਕਿਧਰੇ ਘਿਰਣਾ ਤੇ ਰੋਹ ਦੇ ਤੇ ਕਿਧਰੇ ਮਾਣ ਸਨਮਾਨ ਤੇ ਸ਼ਾਨੋ ਸ਼ੌਕਤ ਦੇ। ਏ.ਸੀ. ਲਾਇਲ ਨੇ 1861 ਦੀ ਇਕ ਲਿਖਤ ਵਿਚ ਇਕ ਕਵਿਤਾ ਦੇ ਕੁਝ ਅੰਸ਼ ਇਸ ਤਰਾਂ ਦਰਸਾਏ ਹਨ:
There goes my lord the Feringhee,
Who talks so civil and bland,
But raves like a soul in Jehannum
If I don't quite understand-
He begins by calling me Sahib,
And ends by calling me fool. . . ."
1857 ਦੇ ਗਦਰ ਦੌਰ ਵਿਚ ਇਹ ਅੰਗਰੇਜ਼ਾਂ ਪ੍ਰਤੀ ਨਫਰਤ ਜਗਾਉਣ ਲਈ ਵਰਤਿਆ ਗਿਆ। ਪੰਜਾਬ ਦੇ ਅਮਰੀਕੀ ਗਦਰੀਆਂ ਨੇ ਵੀ ਰੋਹ ਦੇ ਤੇ ਘਿਰਣਾ ਦੇ ਪਾਤਰ ਵਜੋਂ ਇਸ ਸ਼ਬਦ ਦੀ ਖੂਬ ਵਰਤੋਂ ਕੀਤੀ ਹੈ।
ਫਰੈਂਕ ਸ਼ਬਦ ਮੁਢਲੇ ਤੌਰ ਤੇ ਪਰਾਚੀਨ ਜਰਮਨ ਕਬੀਲਿਆਂ ਲਈ ਵਰਤਿਆ ਗਿਆ ਜਿਨ੍ਹਾਂ ਦੀ ਪੁਰਾਣੇ ਯੂਰਪੀ ਇਤਿਹਾਸ ਵਿਚ ਖੂਬ ਚੜ੍ਹਤ ਹੋਈ। ਏਹੀ ਕਬੀਲੇ ਗੌਲ (Gaul) ਨਾਂ ਨਾਲ ਜਾਣੇ ਜਾਂਦੇ ਦੇਸ਼ ਵਿਚ ਕਾਬਜ਼ ਹੋਏ ਤਾਂ ਉਸ ਦੇਸ਼ ਨੂੰ ਫਰੈਂਕ ਜਿਹਾ ਨਾਂ ਮਿਲਿਆ। ਮਹਾਨ ਕੋਸ਼ ਵਿਚ ਫਿਰੰਗੀ ਸ਼ਬਦ ਦੇ ਇੰਦਰਾਜ ਵਿਚ ਇਸ ਤਰਾਂ ਲਿਖਿਆ ਗਿਆ ਹੈ, "ਫ੍ਰਾਂਕ ਨਾਮ ਦਾ ਇੱਕ ਜਰਮਨ ਜਥਾ ਸੀ, ਜੋ ਫ੍ਰਾਂਸ ਆਦਿ ਦੇਸ਼ਾਂ ਵਿੱਚ ਫੈਲ ਗਿਆ ਅਤੇ ਜਿਸ ਦਾ ਕਈ ਵਾਰ ਤੁਰਕਾਂ ਨਾਲ ਮੁਕਾਬਲਾ ਹੋਇਆ. ਸਭ ਤੋਂ ਪਹਿਲਾਂ ਤੁਰਕਾਂ ਨੇ ਯੂਰਪ ਨਿਵਾਸੀਆਂ ਨੂੰ "ਫਿਰੰਗੀ" ਨਾਮ ਨਾਲ ਬੁਲਾਉਣਾ ਆਰੰਭਿਆ. ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਉਨ੍ਹਾਂ ਨੂੰ ਫਿਰੰਗੀ ਸ਼ਬਦ ਤੋਂ ਪੁਕਾਰਿਆ ਗਿਆ, ਫੇਰ ਜੋ ਫ੍ਰਾਂਸ ਜਾਂ ਇੰਗਲੈਂਡ ਦਾ ਆਇਆæ ਸਭ ਫਿਰੰਗੀ ਸ਼ਬਦ ਦਾ ਵਾਚਯ ਹੋਇਆ।"
ਇਸ ਸੰਖੇਪ ਚਰਚਾ ਤੋਂ ਪਤਾ ਲਗਦਾ ਹੈ ਕਿ ਫਰੰਗੀ/ਫਿਰੰਗੀ ਸ਼ਬਦ ਦੀ ਧੁਨੀ ਤੇ ਅਰਥ ਫਰਾਂਸ ਦੇਸ਼ ਦੇ ਪੁਰਾਣੇ ਨਾਂ ਨਾਲ ਜਾ ਜੁੜਦੀ ਹੈ। ਇਸੇ ਲਈ ਮੈਂ ਬਲਰਾਜ ਸਿੱਧੂ ਦੀ ਲਿਖਤ ਵਿਚ ਅੰਗਰੇਜ਼ਾਂ ਤੇ ਫਰਾਸੀਸੀਆਂ ਵਿਚਕਾਰ ਤਕਰਾਰ ਨੂੰ ਫਰੰਗੀਆਂ ਤੇ ਫਰਾਂਸੀਸੀਆਂ ਦਰਮਿਆਨ ਲੜਾਈ ਕਹਿਣ ਤੇ ਕਿੰਤੂ ਕੀਤਾ ਸੀ ਕਿਉਂਕਿ ਇਤਿਹਾਸਕ ਤੌਰ ਤੇ ਦੋਵੇ ਸ਼ਬਦ ਫਰਾਂਸ ਵੱਲ ਹੀ ਸੰਕੇਤ ਕਰਦੇ ਹਨ।

Post Script and Comments: 

  • Poonam Singh Kya baat! Please search about place name Misrata and Sharm In Egypt to find connection with Misra and Sharma!

  • Baljit Basi Poonam Singh These surnames have no connection with any place name in Egypt.

  • Daya Singh Sandhu Bahut khoob sir....
    columbas Africa labhn niklea c ya India...???

  • Lok Raj well researched, well compiled and well presented!
  • Lok Raj ਅਰਬੀ ਵਿਚ ਸ਼ਬਦ ਦਾ ਮਤਲਬ ਕੀ ਹੈ?
  • Baljit Basi ਲੋਕ ਰਾਜ ਵੀ ਫਰੰਗੀ ਹੀ ਹੈ!

  • Poonam Singh Dr t r Sharma asked me to look at Abraham/Ibrahim as a root for Brahm, Brahman etc. after i had shown him my ideas. What is the meaning of Ab/Ib? Ra/Rahm i know..

  • Lok Raj ਫਾਰਸੀ ਵਿਚ ਫਿਰੰਗੀ ਦੇ ਦੋ ਮਤਲਬ ਲਿਖੇ ਮਿਲਦੇ ਨੇ - ਇੱਕ ਯੂਰਪੀਅਨ ਤੇ ਦੂਜਾ ਫ੍ਰੈੰਕੀਅਨ

  • Lok Raj ਅਰਬੀ 'ਚ ਨਹੀਂ ਲਭ ਰਿਹਾ

  • Baljit Basi Poonam Singh These are the examples of Folk Etymology.Nothing to do with reality

  • Baljit Basi Lok Raj ਅਸਲ ਵਿਚ ਅਰਬੀ ਵਿਚ ਇਸ ਸ਼ਬਦ ਦਾ ਰੂਪ "ਫਰੰਜੀ "ਜਾਂ "ਅਲ ਫਰੰਜੀ" ਸੀ।


  • Dave Duhre ਬਾਸੀ ਸਾਹਿਬ ਤੁਸੀਂ ਫਿਰੰਗੀ ਸ਼ਬਦ ਬਾਰੇ ਜੋ ਕਿਹਾ ਹੇ ਉਹ ਦਰੁਸਤ ਹੇ. ਇਹ ਸ਼ਬਦ ਯੂਰੋਪ ਵਿਚ ਤੀਜੀ ਸਾਡੀ ਤੋਂ ਚਲਦਾ ਆ ਰਿਹਾ ਹੇ. 
    ਅਸਲ ਵਿਚ ਫਿਰੰਗੀ ਸ਼ਬਦ ਫ਼ਰੇੰਕ (Frank) ਭਾਵ ਕਿ ਅਜਾਦ ਇਨਸਾਨ, ਤੋਂ ਬਣਿਆ ਹੇ. ਫ਼ਰੇੰਕ ਉਹ ਲੋਕ ਸਨ ਜੋ ਰੋਮਨ ਗੁਲਾਮੀ ਤੋਂ ਦੋਢ਼ ਕੇ Rhine ਦਰਿਆ ਦੇ ਕੋਲ ਵਸੇ ਸਨ. ਉਂਜ ਫ਼ਰੇੰਕ ਸ਼ਬਦ ਦੇ ਬਹੁਤ ਸਾਰੇ ਅਰਥ ਕਢੇ ਗਏ ਹਨ ਪਰ ਇਸਦਾ 'ਅਜਾਦ' ਅਰਥ ਸਭ ਤੋਂ ਸਹੀ ਲਗਦਾ ਹੇ ਕਿਉਂਕਿ ਇਹ ਲੋਕ ਜਰਮਨੀ ਆਕੇ ਅਜਾਦ ਹੋ ਗਏ ਸਨ. ਰੋਮਨ ਇਹਨਾਂ ਨੂੰ ਫ੍ਰਾੰਸੀ ਜਾਂ ਜੇਨ੍ਜ਼ ਫ੍ਰਾਨ੍ਕੋਰਮ ਕਹਿੰਦੇ ਸਨ. ਬਾਅਦ ਵਿਚ ਰੋਮਨ ਇਹਨਾਂ ਨੂੰ Barbarian ਕੈਹਣ ਲੱਗ ਪਏ ਸਨ. ਭਾਵੇਂ ਇਹ ਲੋਕ ਆਪਣੇ ਆਪ ਨੂੰ ਫ਼ਰੇੰਕ ਕਹਿੰਦੇ ਸਨ. ਪਰ ਅਰਬੀ, ਫ਼ਾਰਸੀ ਅਤੇ ਭਾਰਤੀ ਭਾਸ਼ਾਵਾਂ ਵਿਚ ਇਹ ਸ਼ਬਦ ਵਖ ਵਖ ਰੂਪ ਧਾਰਨ ਕਰ ਗਿਆ. ਮਧ ਪੂਰਬੀ ਲੋਕਾਂ ਦਾ ਵਾਹ ਇਹਨਾਂ ਨਾਲ Crusades ਦੋਰਾਨ ਪੈ ਗਿਆ ਸੀ. ਇਸ ਲਈ ਫਿਰੰਗੀ ਜਾਂ ਇਸ ਨਾਲ ਮਿਲਦੇ ਸ਼ਬਦ ਮਧ ਪੁਰਬ ਵਿਚ ਪੇਹ੍ਲਾਂ ਵਰਤੇ ਗਏ. ਭਾਰਤ ਵਿਚ ਇਹ ਸ਼ਬਦ ਬਾਅਦ ਵਿਚ ਆਇਆ ਜਦੋਂ ਇਸਦਾ ਭਾਰਤੀ ਰੂਪ ਹੋਂਦ ਵਿਚ ਆਇਆ. 
    ਇਹਨਾਂ ਦਾ ਇਤਹਾਸ ਇਹ ਹੇ ਇਕ ਇਹ ਲੋਕ ਰੋਮਨ ਸਾਮਰਾਜ ਵਿਚ ਗੋਰੇ ਗੁਲਾਮ ਸਨ. ਗੁਲਾਮੀ ਤੋਂ ਬਚਣ ਲਈ ਇਹ ਜਰਮਨੀ ਵਲ ਨੂੰ ਲਗਾਤਾਰ ਭੱਜ ਰਹੇ ਸਨ. ਫ੍ਰੇਡਰਿਕ ਏਨ੍ਗ੍ਲ੍ਜ਼ ਨੇ ਇਹਨਾਂ ਬਾਰੇ ਕਿਹਾ ਸੀ ਕਿ ਜੋ ਜਰਮਨੀ ਦੇ Rhine ਦਰਿਆ ਦੇ ਦੁਆਲੇ ਪਹਿਲਾਂ ਪਹੁੰਚੇ ਉਹ ਜਗੀਰਦਾਰ ਬਣ ਗਏ ਅਤੇ ਜੋ ਬਾਅਦ ਵਿਚ ਆਏ ਉਹ ਕਾਸ਼ਤਕਾਰ ਜਾਂ ਸੀਰੀ ਬਣ ਗਏ. ਖੁਲੀਆਂ ਜ਼ਮੀਨਾਂ ਮਿਲਣ ਨਾਲ ਅਤੇ ਰੋਮਨ ਗੁਲਾਮੀ ਨਾਲੋਂ ਵਧੇਰੇ ਅਜਾਦ ਜਗੀਰੂ ਨਿਜ਼ਾਮ ਵਿਚ ਉਤ੍ਪਾਦਨ ਵਧੇਰੇ ਹੋਣ ਕਰਕੇ ਇਹ ਛੇਤੀ ਹੀ ਤਾਕਤ ਫ਼ਢ਼ ਗਏ ਅਤੇ ਰੋਮਨ ਸਾਮਰਾਜ ਤੋਂ ਸੁਤੰਤਰ ਰਾਜ ਕਾਇਮ ਕਰ ਗਏ. ਹੋਲੀ ਹੋਲੀ ਇਹ ਸੁਤੰਤਰ ਯੂਰੋਪ ਕਾਇਮ ਕਰ ਗਏ. ਜਦੋਂ ਇਹਨਾਂ ਦਾ ਅਸਰ ਮਧ ਪੁਰਬ ਅਤੇ ਏਸ਼ੀਆ ਵਿਚ ਪੇੰ ਲੱਗਾ ਤਾਂ ਇਹਨਾਂ ਦਾ ਨਾਮ ਵੀ ਕਈ ਕਿਸਮ ਦੇ ਨਾਹਵਾਚਕ ਰੂਪ ਧਾਰਨ ਕਰ ਗਿਆ. 
    ਪਰ ਇਹ ਫ੍ਰਾਂਕੋ ਜਰ੍ਮੇਨਿਕ ਲੋਕ ਸਨ.ਅੰਗ੍ਰੇਜ਼ ਵੀ ਇਹਨਾਂ ਦਾ ਹੀ ਹਿਸਾ ਹਨ ਕਿਉਂਕਿ Anglo-Saxon ਲੋਕ ਜਰਮਨੀ ਦੇ ਕਬੀਲੇ ਹੀ ਸਨ.
  • Baljit Basi Dave Duhre ਜੀ ਵਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਮੈਂ ਅਸਲ ਵਿਚ ਫਰੈਂਕ ਸ਼ਬਦ ਦੀ ਹੋਰ ਅੱਗੇ ਵਿਉਤਪਤੀ ਦੋ ਕਾਰਨਾਂ ਕਰਕੇ ਨਹੀਂ ਸੀ ਦੱਸੀ। ਪਹਿਲਾ ਤਾਂ ਏਹੀ ਕਿ ਲੇਖ ਨੇ ਬਹੁਤ ਵੱਡੇ ਹੋ ਜਾਣਾ ਸੀ। ਦੂਜਾ ਇਸ ਸ਼ਬਦ ਦੇ ਪਰਾਚੀਨ ਅਰਥ ਬਾਰੇ ਅਜੇ ਸਪਸ਼ਟਤਾ ਨਹੀਂ ਹੈ। ਇਕ ਵਿਚਾਰ ਅਨੁਸਾਰ ਇਹ ਪੁਰਾਣੀ ਜਰਮੈਨਿਕ ਦੇ ਸ਼ਬਦ ਫਰੈਂਕੋਨ frankon ਤਂ ਬਣਿਆ ਜਿਸ ਦਾ ਅਰਥ ਨੇਜ਼ਾ, ਭਾਲਾ ਹੁੰਦਾ ਹੈ ਕਿਉਂਕਿ ਇਹ ਲੋਕ ਨੇਜ਼ਾਧਾਰੀ ਹੁੰਦੇ ਸਨ। ਸੇਕਸਨ Saxon ਸ਼ਬਦ ਵੀ ਪੁਰਾਤਨ ਅੰਗਰੇਜ਼ੀ ਦੇ ਸ਼ਬਦ seax ਤੋਂ ਬਣਿਆ ਹੈ ਜਿਸ ਦਾ ਅਰਥ ਛੁਰਾ ਹੁੰਦਾ ਹੈ। ਸੋ ਇਹ ਲੋਕ ਛੁਰਾਧਾਰੀ ਹੁੰਦੇ ਸਨ।
  • Joginder Singh Batth ਫਰਾਂਕਨਸਟਾਈਨ ਬਾਰੇ ਵੀ ਜਰਮਨ ਲੋਕ ਜਾਂਣਦੇ ਹਨ ਉਹ ਖੋਣ ਸਨ ਜੀ
  • Poonam Singh Oh that is just a problem. Probability can help solve it.
  • Poonam Singh Baljit Bassi, ab is a loan word from ancient times from greek or roman and means away/not. For eg abnormal is notnormal. So abrahm should mean NOT-Ra(h)m. A new sort of religion's believer ie? Rahm or Ram is ancient Egyptian word meaning OF RAM. And Ram is from Ra,THE Sun God of Egypt. Most ancient. NO wonder so many places of the mid east etc have the word ram in them, including Ahram for the pyramids and even perhaps haraam for anything that was seen as doing with the Ram belief, by some later religion.
  • Poonam Singh Baljit Bassi, just read that Abrahms father worshipped the idol of Ur, in Mesopotamia. Abraham wondered how one could worship something one created( as if God is not created)..so maybe he was Called Abraham, and his name was something else??
  • Baljit Basi Poonam Singh As far as I know Abraham is from Hebrew Abh (father)+raham (multutude) literally meaning father of the masses. More later on

  • Kãwal Dhāliwāl A few years ago I watched a documentary on history of wars between the Muslims and Christians and according to this researcher the word 'frangi' was used by Arabs for the Christian crusaders. This is precisely why the same word was repeated in India for the English occupiers. I now forgot how the etymology of the word was explained in this program, but i remember it was quite convincing. I may jog my memory to recollect the information...
  • Balraj Singh Sidhu ਬਾਸੀ ਸਾਹਿਬ ਨਜ਼ਾਰਾ ਆ ਗਿਆ ਜੀ ਲਿਖਤ ਪੜ੍ਹਣ ਦਾ। ਇਸ ਲਈ ਨਹੀਂ ਿਕ ਵਿਚ ਮੇਰਾ ਜ਼ਿਕਰ ਹੈ। ਬਲਕਿ ਇਸ ਵਿਚੋਂ ਤੁਹਾਡੀ ਮਿਹਨਤ ਝਲਕਦੀ ਹੈ। ਤੁਹਾਡੀ ਮਿਹਨਤ ਅਤੇ ਖੋਜ ਨੂੰ ਸਲਾਮ ਜੀ। ਬੋਤਲ ਜਿੰਨਾ ਨਸ਼ਾ ਹੋ ਗਿਆ ਜੀ।

  • Baljit Basi Balraj Singh Sidhu ਤੁਹਾਡੀ ਟਿੱਪਣੀ ਨਾਲ ਮੇਰੀ ਮਿਹਨਤ ਬਰ ਆ ਗਈ।

  • Balraj Singh Sidhu Farangi Shabad de Arth vi pata lag gaye te tuhade itraaj naal vi mai sehmat han ji. Baba nanak likh giya kich suniye, kush kahiye nanak.
  • Kãwal Dhāliwāl The word 'ram' is a typical Sanskrit masculine name and Sanskrit is one of the most important languages of the Indo-European group. Whereas Abraham is a name that is typical Semitic. Indo-European and Semitic are two historically independent groups, both in origins and development. Therefore the phonetic similarity is merely coincidental.
  • Kãwal Dhāliwāl Baljit Basi ji. Not only the phonetic-coincidence has been found making people coming up with 'conspiracy theories' but even the grammatical characteristics is also used as pretext to prove their beliefs. For example in a book about the conflict between the Aryans and the Dravidas, i have noticed a Dalit author trying to make connection between the word 'Ahur' (Ahur Mazada - the Parisian prophet) and 'asur' (the "demons" of the Vedas), claiming that it has the same root. He based his hypotheses on a perfectly sound linguistic character of Sanskrit and Sanskrit based languages ( eg-Punjabi) where the sounds 'h' and 's' often replace each other. Now from linguistic point of view the argument is very logical but considering how the Indo-Iranians, the authors of the Vedas have expressed their hatred for the Asuras, the suggestion that Ahurs ( Indo-Aryans) and Asurs were the same people makes no sense whatsoever.

  • Baljit Basi This is what we call Folk Etymology like asparagus = sparrow grass

  • Baljit Basi Kãwal Dhāliwāl But I am afraid, Asur and Ahur are related. I have written an article on these words. But I may have tosearch this article.

  • Harjinder Dosanjh I am not sure but Basi sahib jihra Poonam Singh Huri keh rhe Han os ch mainu possibility lagdi hai ....

  • Kãwal Dhāliwāl I am interested to know more about the relation between these words and whether this realtion has deeper cultural roots, which may shed some light on difficult and polarizing questions of Indian history.
  • Baljit Basi Harjinder Dosanjh ਬਿਲਕੁਲ ਨਹੀਂ

  • Baljit Basi Right now, I give only one hint, the languages of Avesta and Vedas are closely related.

  • Kãwal Dhāliwāl Sisterly relationship between Avesta and Vedic Sanskrit is well known to scholars. But 'for whom the word 'Asura' was used?', is the question that still needs to be addressed with some convincing logic. This interesting topic of study has been the victim of filthy ideologies of the biased political correctness of the Indian mind. The European Indiologits are blamed for being "racists" and divisive and the Desis are not capable of freeing their mind from their own political agendas. As a result the subject has been unnecessary got a reputation for being "controversial" !
    ----------------------------

    ਹਾਏ ਹਾਏ ਮਿਰਚੀ !
    *********
    ਮਿਰਚ ਦਾ ਨਾਂ ਸੁਣਦਿਆਂ ਹੀ ਮੂੰਹ ਦੇ ਨਾਲ ਨਾਲ ਅੱਖਾਂ ਵਿੱਚ ਵੀ ਪਾਣੀ ਭਰ ਜਾਂਦਾ ਹੈ; ਗੁਰਦਾਸ ਮਾਨੀ ਲੋਚਾ ਜਾਗਦੀ ਹੈ ਕਿਤੇ ਸ਼ੇਰੇ ਪੰਜਾਬ ਦਾ ਢਾਬਾ ਹੋਵੇ, ਮਾਂਹ ਦੀ ਤੜਕੀ ਦਾਲ ਹੋਵੇ ਤੇ ਥਾਲੀ ਵਿੱਚ ਹਰੀਆਂ ਮਿਰਚਾਂ ਤੇ ਗੰਢੇ। ਗੁਜਰਾਤੀ ਲੋਕ ਤਾਂ ਮਿਰਚਾਂ ਦੀ ਚਟਣੀ ਜਾਂ ਸੁੱਕੀਆਂ ਦਰਜਨ ਭਰ ਹਰੀਆਂ ਮਿਰਚਾਂ ਨਾਲ ਹੀ ਦੋ ਰੋਟਲਿਆਂ ਦਾ ਨਬੇੜਾ ਕਰ ਜਾਂਦੇ ਹਨ। ਸਾਡੇ ਸਭਿਆਚਾਰ ਵਿੱਚ ਮਿਰਚ ਦੀ ਦੂਖ-ਨਿਵਾਰਕ ਦੇ ਤੌਰ ਤੇ ਬੜੀ ਮਹਿਮਾ ਹੈ। ਕਿਸੇ ਨੂੰ ਨਜ਼ਰ ਲੱਗ ਜਾਣ ਤੇ ਲਾਲ ਮਿਰਚਾਂ ਉਤੋਂ ਦੀ ਵਾਰ ਕੇ ਅੱਗ ਵਿੱਚ ਸੁੱਟ ਦੇਵੋ, ਮਿਰਚਾਂ ਝੱਟ ਸਾਰੀ ਕੌੜੀ ਨਜ਼ਰ ਆਪਣੇ ਕੌੜੇਪਣ ਵਿੱਚ ਜਜ਼ਬ ਕਰ ਲੈਣਗੀਆਂ। ਸੁਰਜੀਤ ਪਾਤਰ ਤਾਂ ਪੰਜਾਬ ਨੂੰ ਲੱਗੀ ਨਜ਼ਰ ਉਤਾਰਨ ਲਈ ਵੀ ਇਨ੍ਹਾਂ ਮਿਰਚਾਂ ਵੱਲ ਤੱਕਦਾ ਹੈ:
    ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ
    ਲੈਕੇ ਮਿਰਚਾਂ ਕੌੜੀਆਂ, ਏਹਦੇ ਸਿਰ ਤੋਂ ਵਾਰੋ
    ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿੱਚ ਸਾੜੋ
    ਕਿਸੇ ਕੁਪੱਤੀ ਜਾਂ ਤੇਜ਼-ਤ੍ਰਾਟ ਕੁੜੀ ਨੂੰ ਮਿਰਚ ਕਹਿ ਦਿੱਤਾ ਜਾਂਦਾ ਹੈ। ਮਿਰਚ-ਮਸਾਲਾ ਲਾਉਣਾ, ਅੱਖਾਂ ਅੱਖਾਂ ਚ ਮਿਰਚਾਂ ਭੋਰਨਾ, ਵੱਡੇ ਘਰ ਦੀਆਂ ਵੱਡੀਆਂ ਮਿਰਚਾਂ ਆਦਿ ਡਾਢੇ ਬਿੰਬਮਈ ਮੁਹਾਵਰੇ ਹਨ। ਹੁਣ ਜ਼ਰਾ ਬਚੋ, ਮੈਂ ਤੁਹਾਨੂੰ ਮਿਰਚਾਂ ਲੜਾਉਣ ਲੱਗਾ ਹਾਂ: ਲਾਲਾਂ ਜਿਹੀਆਂ ਇਹ ਮਿਰਚਾਂ ਅਸਲੋ ਅਸਲੀ ਭਾਰਤ ਦੀ ਜੱਦੀ ਚੀਜ਼ ਨਹੀਂ ਹਨ। ਬਾਬੇ ਨਾਨਕ ਨੇ ਭਾਈ ਲਾਲੋ ਹੱਥੋਂ ਕੋਧਰੇ ਦੀ ਰੋਟੀ ਖਾਧੀ ਸੀ ਪਰ ਨਾਲ ਹਰੀਆਂ ਮਿਰਚਾਂ ਦੀ ਐਸ਼ ਨਹੀਂ ਸੀ। ਦਰਅਸਲ ਮੱਕੀ ਦੀ ਤਰਾਂ ਲਾਲ ਮਿਰਚ ਵੀ ਦੱਖਣੀ ਅਮਰੀਕਾ ਦਾ ਜੱਦੀ ਬੂਟਾ ਹੈ ਜਿਸ ਦਾ ਇਲਮ ਕੋਲੰਬਸ ਦੇ ਏਧਰ ਆਉਣ ਨਾਲ ਹੀ ਬਾਕੀ ਦੁਨੀਆ ਨੂੰ ਹੋਇਆ। ਸ੍ਹੋਲਵੀਂ ਸਦੀ ਦੌਰਾਨ ਇਸਨੇ ਸਪੇਨ ਦੀ ਧਰਤੀ ਨੂੰ ਭਾਗ ਲਾਏ। ਪਰ ਫਿਰ ਸਵਾਲ ਉਠਦਾ ਹੈ ਕਿ ਭਾਰਤੀ "ਮਿਰਚ" ਸ਼ਬਦ ਕਿਸ ਬਲਾ ਦਾ ਨਾਂ ਹੈ? ਭਾਸਾæ ਬੜੇ ਉਲੱਦ-ਪੁਲੱਦ ਕਰਦੀ ਹੈ, ਇਹ ਅਲਕ ਵਹਿੜੀ ਅਕਸਰ ਕੌਤਕ ਹੀ ਵਰਤਾ ਦਿੰਦੀ ਹੈ। ਮਿਰc ਦਾ ਸੰਸਕ੍ਰਿਤ ਰੂਪ "ਮਰਿਚ" ਹੈ ਤੇ ਇਹ ਸ਼ਬਦ ਪੁਰਾਣੇ ਜ਼ਮਾਨਿਆਂ ਤੋਂ ਉਸ ਚੀਜ਼ ਲਈ ਵਰਤਿਆ ਜਾਂਦਾ ਸੀ ਜਿਸ ਨੂੰ ਅੱਜ ਅਸੀਂ ਕਾਲੀ ਮਿਰਚ ਆਖਦੇ ਹਾਂ। ਬਾਹਰੋਂ ਆਈ ਚੀਜ਼ ਜਿਸ ਨੂੰ ਉਥੋਂ ਦੀ ਨਾਹੁਟਲ ਭਾਸ਼ਾ ਵਿੱਚ ਚਿਲੀ (chili) ਕਿਹਾ ਜਾਂਦਾ ਸੀ, ਭਾਰਤ ਆਕੇ ਰਾਣੀ ਬਣ ਬੈਠੀ ਤੇ ਸਾਡੀ ਮਿਰਚ ਦਾ ਨਾਂ ਖੋਹ ਲਿਆ। ਵਿਚਾਰੀ ਦੇਸੀ ਮਿਰਚ ਨੂੰ ਕਾਲੀ ਮਿਰਚ ਦੇ ਕੁਨਾਂ ਤੇ ਗੁਜ਼ਾਰਾ ਕਰਨਾ ਪਿਆ।
    ਅਸਲ ਵਿੱਚ ਪਿਪਲਾ, ਮਘਪਿਪਲਾ ਜਾਂ ਸਿਰਫ਼ ਮਘਾਂ ਕਹਾਉਂਦਾ ਇਕ ਅਜੇਹਾ ਮੂਲੋਂ ਭਾਰਤੀ ਪੌਦਾ ਹੈ ਜਿਸ ਦੇ ਫਲ ਨੂੰ ਮਸਾਲੇ ਦੇ ਤੌਰ ਤੇ ਕੋਈ ਚਾਰ ਹਜ਼ਾਰ ਸਾਲ ਤੋਂ ਭਾਰਤੀ ਆਪਣੇ ਭੋਜਨ ਵਿੱਚ ਤਿਖਾਪਣ ਲਿਆਉਣ ਲਈ ਵਰਤਦੇ ਰਹੇ ਸਨ। ਇਉਂ ਲਗਦਾ ਹੈ ਕਿ ਘੱਟੋ ਘਟ ਉਤਰੀ ਭਾਰਤ ਵਿੱਚ ਇਸਦੀ ਵਰਤੋਂ (ਕਾਲੀਆਂ) ਮਿਰਚਾਂ ਤੋਂ ਵੀ ਪਹਿਲਾਂ ਹੁੰਦੀ ਰਹੀ ਸੀ। ਹੁਣ ਤਾਂ ਸਿਰਫ "ਹਰ ਮਸਾਲੇ ਪਿਪਲਾਮੂਲ" ਮੁਹਾਵਰੇ ਵਿੱਚ ਹੀ ਇਹ ਸ਼ਬਦ ਰਹਿ ਗਿਆ ਹੈ ਤੇ ਲਗਦੇ ਹੱਥ ਦੱਸ ਦਿਆਂ ਕਿ ਆਮ ਸਮਝ ਤੋਂ ਉਲਟ ਪਿਪਲਾਮੂਲ ਪਿੱਪਲ ਦਰਖਤ ਦੀ ਜੜ੍ਹ ਨਹੀਂ ਬਲਕਿ ਪਿਪਲਾ ਵੇਲ ਦੀ ਜੜ੍ਹ ਹੈ। ਮੈਨੂੰ ਸ਼ੱਕ ਹੈ, ਅੱਜ ਦੀ ਪੀੜੀ ਨੂੰ ਨਾ ਇਸ ਮੁਹਾਵਰੇ ਬਾਰੇ ਕੁਝ ਪਤਾ ਹੈ ਤੇ ਨਾ ਇਸ ਸ਼ੈਅ ਬਾਰੇ। ਪਰ ਆਪਣੀ ਚ੍ਹੜਤ ਸਮੇਂ ਇਹ ਕੋਈ ਨਿੱਕੀ ਮੋਟੀ ਚੀਜ਼ ਨਹੀਂ ਸੀ। ਭਾਰਤੀ ਪਿਪਲਾ ਪਰਾਚੀਨ ਯੁੱਗ ਵਿੱਚ ਯੂਨਾਨ ਵਿੱਚ ਚਲੇ ਗਿਆ ਜਿਥੇ ਇਸਨੇ peperi ਰੂਪ ਲਿਆ। ਫਿਰ ਜਦ ਰੋਮਨਾਂ ਦੀ ਭੂਮਧ ਸਾਗਰ ਦੁਆਲੇ ਹਕੂਮਤ ਹੋਈ ਤਾਂ ਯੁਨਾਨੀਆਂ ਦੀ ਤਰਾਂ ਉਨ੍ਹਾਂ ਨੇ ਵੀ ਭੋਜਨਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਪਰ ਉਨ੍ਹਾਂ ਦੀ ਭਾਸ਼ਾ ਲਾਤੀਨੀ ਚ ਸ਼ਬਦ ਬਣ ਗਿਆ piper । ਪੁਰਾਣੇ ਜ਼ਮਾਨੇ 'ਚ ਯੂਰਪ ਭਾਰਤੀ ਮਸਾਲਿਆਂ ਪਿਛੇ ਸ਼ੈਦਾਈ ਹੋਇਆ ਫਿਰਦਾ ਸੀ। ਭਾਰਤੀ ਉਪਮਹਾਦੀਪ ਵਿੱਚ ਯੂਰਪੀਅਨਾਂ ਦੀ ਰੁਚੀ ਦਾ ਅੱਧਾ ਕਾਰਨ ਭਾਰਤੀ ਮਸਾਲੇ ਹੀ ਸਨ। ਕਾਲੀ ਮਿਰਚ ਕੇਰਲਾ ਦੇ ਮਾਲਾਬਾਰ ਘਾਟਾਂ ਤੇ ਹੁੰਦੀ ਸੀ। ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਮਿਰਚ ਭਾਰਤ ਤੋਂ ਯੂਰਪੀ ਦੇਸ਼ਾਂ ਵਿੱਚ ਪਿਪਲਾ ਨਾਲੋਂ ਪੱਛੜ ਕੇ ਗਈ ਕਿਉਂਕਿ ਰੋਮਨਾਂ ਨੇ ਆਪਣੀ ਭਾਸ਼ਾ ਵਿੱਚ ਦੋਨੋਂ ਚੀਜ਼ਾਂ ਲਈ piper ਨਾਂ ਦਿਤਾ ਜੋ "ਪਿਪਲਾ" ਦਾ ਵਿਗੜਿਆ ਰੂਪ ਹੈ। ਹਾਂ, ਫਰਕ ਪਾਉਣ ਲਈ ਇਕ ਦੇ ਅੱਗੇ ਕਾਲਾ ਤੇ ਦੂਜੀ ਦੇ ਅੱਗੇ ਲੰਮਾ ਵਿਸ਼ੇਸ਼ਣ ਲਾ ਦਿੱਤੇ ਕਿਉਂਕਿ ਪਿਪਲੇ ਦਾ ਫਲ ਲੰਬੂਤਰਾ ਹੁੰਦਾ ਹੈ। ਏਹੀ ਸ਼ਬਦ ਅੰਗਰੇਜ਼ੀ ਵਿੱਚ ਜਾਕੇ ਕ੍ਰਮਵਾਰ long pepper (Piper longum) ਅਤੇ black pepper (Piper nigrum) ਅਖਵਾਏ। ਦਰਅਸਲ "ਪਿਪਲਾ" ਅਤੇ "ਕਾਲੀ ਮਿਰਚ" ਇਕੋ ਜੱਦ (piperacea) ਦੇ ਪੌਦੇ ਹਨ। ਵਾਰਿਸ ਸ਼ਾਹ ਨੇ ਹੀਰ ਦੇ ਨੱਕ ਦੀ ਤੁਲਨਾ ਪਿਪਲਾ ਨਾਲ ਕੀਤੀ ਹੈ:
    ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਬ ਵਲਾਇਤੀ ਸਾਰ ਵਿਚੋਂ
    ਨੱਕ ਅਲਫ਼ ਹੁਸੈਲੀ ਦਾ ਪਿਪਲਾ ਸੀ, ਜ਼ੁਲਫ਼ ਨਾਗ ਖ਼ਜ਼ਾਨੇ ਦੀ ਬਾਰ ਵਿਚੋਂ
    ਪਰ ਬ੍ਹਾਰਵੀਂ ਸਦੀ ਦੌਰਾਨ ਯੂਰਪ ਦੀ ਮੰਡੀ ਵਿਚ ਕਾਲੀ ਮਿਰਚ ਨੇ ਪਿਪਲਾ ਨੂੰ ਖਦੇੜ ਦਿੱਤਾ। ਈਸਵੀ ਸੰਮਤ ਤੋਂ ਤਿੰਨ ਸਦੀਆਂ ਪਹਿਲਾਂ ਫਰਾਂਸ ਵਿੱਚ ਪਿਪਲਾ ਦੀ ਕੀਮਤ ਕਾਲੀ ਮਿਰਚ ਨਾਲੋਂ ਚਾਰ ਗੁਣਾ ਸੀ ਪਰ ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਕਾਲੀ ਮਿਰਚ ਦੀ ਕੀਮਤ ਪਿਪਲਾ ਨਾਲੋਂ 12 ਗੁਣਾ ਵਧ ਗਈ ਤੇ ਹੌਲੀ ਹੌਲੀ ਯੂਰਪ 'ਚ ਪਿਪਲਾ ਦੀ ਮੰਗ ਖਤਮ ਹੀ ਹੋ ਗਈ। ਅੱਜ ਭਾਰਤ ਸਮੇਤ ਸ਼ਾਇਦ ਹੀ ਕੋਈ ਪਿਪਲਾ ਨੂੰ ਜਾਣਦਾ ਹੈ, ਕਾਲੀ ਤੇ ਲਾਲ ਮਿਰਚ ਦਾ ਹੀ ਰਾਜ ਹੈ। ਪਿਪਲਾ ਭਾਵੇਂ ਕਾਲੀ ਮਿਰਚ ਨਾਲੋਂ ਵਧੇਰੇ ਤਿਖੀ, ਕੁੜਾਂਗੀ ਅਤੇ ਮਿੱਠੀ ਸੀ ਪਰ ਇਸਨੂੰ ਕਾਲੀ ਮਿਰਚ ਨਾਲੋਂ ਵਧੇਰੇ ਸੁਆਦੀ ਮੰਨਿਆ ਗਿਆ ਸੀ। ਦਰਅਸਲ ਕੁੜਾਂਗਾ ਕਾਇਮ ਰੱਖਣ ਲਈ ਪਿਪਲਾ ਦੇ ਫਲ ਨੂੰ ਹਰੇ ਹਰੇ ਤੋੜਕੇ ਹੀ ਸੁਕਾਇਆ ਜਾਂਦਾ ਸੀ। ਇਸ ਤਰਾਂ ਇਸ ਵਿੱਚ ਨਮੀ ਰਹਿ ਜਾਣ ਕਰਕੇ ਦੂਰ ਦੁਰਾਡੇ ਜਹਾਜ਼ਾਂ ਰਾਹੀਂ ਲਿਜਾਂਦਿਆਂ ਉਲੀ ਲੱਗ ਜਾਂਦੀ ਸੀ। ਸੋ ਸਹਿਜੇ ਸਹਿਜੇ ਕਾਲੀ ਮਿਰਚ ਨੇ ਪੈਰ ਜਮਾ ਲਏ। ਇਹ ਦੁਨੀਆਂ ਭਰ ਦੇ ਪਕਵਾਨ, ਵਿਅੰਜਨਾਂ ਅਤੇ ਦਵਾਈਆਂ ਵਿੱਚ ਵਰਤੀ ਜਾਣ ਲੱਗੀ। ਇੱਕ ਸਮੇਂ ਯੂਰਪ ਵਿੱਚ ਕਾਲੀ ਮਿਰਚ ਰੱਖਣਾ ਇਕ ਸ਼ਾਨ ਸਮਝੀ ਜਾਂਦੀ ਸੀ। ਵੱਡੇ ਅਹਿਲਕਾਰ ਤੇ ਅਮੀਰ ਲੋਕ ਇਸ ਨੂੰ ਡੱਬੀਆਂ ਵਿੱਚ ਪਾਕੇ ਰੱਖਦੇ ਸਨ ਤੇ ਆਏ ਗਿਆਂ ਨੂੰ ਡੱਬੀਆਂ ਖ੍ਹੋਲਕੇ ਫ਼ਖਰ ਨਾਲ ਦਿਖਾਇਆ ਕਰਦੇ ਸਨ ਕਿ ਮੇਰੇ ਕੋਲ ਏਨੀਆਂ ਮਿਰਚਾਂ ਹਨ। ਇਕ ਵੇਲੇ ਇਸ ਦੀ ਕੀਮਤ ਸੋਨੇ ਦੇ ਬਰਾਬਰ ਹੋ ਗਈ ਤੇ ਇਸ ਨੂੰ ਕਾਲਾ ਸੋਨਾ ਕਿਹਾ ਜਾਣ ਲੱਗਾ, ਏਥੋਂ ਤੱਕ ਕਿ ਇਸ ਨੂੰ ਕਰੰਸੀ ਦੇ ਤੌਰ ਤੇ ਵਰਤਿਆ ਜਾਣ ਲੱਗਾ। ਇਸ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਅੱਜ ਇਸ ਦੇ ਅਰਥਾਂ ਵਿੱਚ ਗਿਰਾਵਟ ਆ ਗਈ ਦਿਸਦੀ ਹੈ ਜਿਸ ਦਾ ਸਬੂਤ peppercorn ਦੇ ਇਕ ਲਾਖਣਿਕ ਅਰਥ, ਚਾਰ ਛਿਲੜ ਯਾਨਿ ਥੋੜੇ ਜਿਹੇ ਪੈਸੇ ਤੋਂ ਲਗਦਾ ਹੈ। peppercorn rent ਦਾ ਭਾਵ ਮਲਕੀਅਤ ਤੇ ਦਾਅਵਾ ਕਾਇਮ ਰੱਖਣ ਲਈ ਲਿਆ ਜਾਂਦਾ ਮਮੂæਲੀ ਕਿਰਾਇਆ ਹੈ। ਪੰਜਵੀਂ ਸਦੀ ਸ਼ੁਰੂ ਵਿੱਚ ਜਦ ਐਟੀਲਾ ਦੀ ਅਗਵਾਈ ਵਿੱਚ ਹੁਨਾਂ ਨੇ ਰੋਮ ਨੂੰ ਘੇਰ ਲਿਆ ਤਾਂ ਉਨ੍ਹਾਂ ਨੇ ਛੱਡਣ ਲਈ 3000 ਪੌਂਡ ਕਾਲੀਆਂ ਮਿਰਚਾਂ ਦੀ ਫਿਰੌਤੀ ਮੰਗੀ ਸੀ । ਏਨੀ ਕੀਮਤੀ ਚੀਜ਼ ਹੋਣ ਕਾਰਨ ਇਸ ਵਿੱਚ ਹੋਰ ਮਿਲਦੇ ਜੁਲਦੇ ਬੀਜਾਂ ਤੇ ਨਿਕ-ਸੁਕ ਦੀ ਮਿਲਾਵਟ ਵੀ ਹੋਣ ਲੱਗੀ।
    ਪਰ ਓੜਕ ਮੈਕਸੀਕੋ ਦੀ ਚਿਲੀ ਨੇ ਕੌੜ-ਦੌੜ ਵਿੱਚ ਕਾਲੀ ਮਿਰਚ ਦੀ ਸੀ ਸੀ ਕਰਾ ਦਿੱਤੀ। ਕੋਲੰਬਸ ਨੇ ਜਦ ਇਸਨੂੰ ਦੱਖਣੀ ਅਮਰੀਕਾ ਵਿੱਚ ਦੇਖਿਆ ਤਾਂ ਇਸਨੂੰ pepper ਹੀ ਸਮਝਿਆ ਤੇ ਕਿਹਾ ਕਿਉਂਕਿ ਇਹ ਕਾਲੀ ਮਿਰਚ ਦੀ ਤਰਾਂ ਕੌੜੀ ਸੀ। ਅੱਜ ਇਸ ਨੂੰ ਅੰਗਰੇਜ਼ੀ ਵਿੱਚ chili, pepper ਜਾਂ chili pepper ਕਿਹਾ ਜਾਂਦਾ ਹੈ। ਇਸਦਾ ਵਿਗਿਆਨਕ ਨਾਂ capsicum ਹੈ ਤੇ ਬਨਸਪਤੀ-ਵਿਗਿਆਨ ਅਨੁਸਾਰ ਇਸਦਾ ਪੈਪਰਾਂ ਸ਼ੈਪਰਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ। ਇਹ ਯੂਰਪ ਵਿੱਚ ਸੌਖੀ ਤਰਾਂ ਉਗ ਸਕਦੀ ਸੀ। ਸਪੇਨ ਤੋਂ ਪੁਰਤਗਾਲ ਗਈ ਤਾਂ ਪੁਰਤਗੇਜ਼ਾਂ ਨੇ ਭਾਰਤ ਉਤੇ ਹਕੂਮਤ ਦੌਰਾਨ ਇਸਨੂੰ ਭਾਰਤ ਭੇਜ ਦਿੱਤਾ। ਇਸ ਤਰਾਂ ਭਾਰਤ ਵਿੱਚ ਆਖਰ ਵੱਡੇ ਘਰ ਅਰਥਾਤ ਯੂਰਪ ਅਮਰੀਕਾ ਦੀ ਮਿਰਚ ਨੇ (ਕਾਲੀ)ਮਿਰਚ ਦਾ ਨਾਂ ਖੋਹ ਲਿਆ। ਭਾਰਤ ਤੋਂ ਤੁਰਕੇ ਇਹ ਮਿਰਚ ਮਧ ਏਸ਼ੀਆ, ਤੁਰਕੀ ਤੋਂ ਹੁੰਦੀ ਹੋਈ ਹੰਗਰੀ ਪਹੁੰਚ ਗਈ ਜਿਥੇ ਇਹ "ਪਾਪਰਿਕਾ" ਅਖਵਾਈ। ਹੁਣ ਤਾਂ ਇਸ ਦੀਆਂ ਕਿਸਮਾਂ ਹੀ ਬੇਸ਼ੁਮਾਰ ਹਨ। ਉਤਰੀ ਭਾਰਤ ਵਿੱਚ "ਸ਼ਿਮਲਾ ਮਿਰਚ" ਤੇ ਅਮਰੀਕਾ ਵਿੱਚ "ਬੈਲ ਪੈਪਰ" ਅਖਵਾਉਂਦੀ ਇਕ ਕਿਸਮ ਤਾਂ ਹੁਣ ਸੁਆਦ ਤੇ ਆਕਾਰ ਪੱਖੋਂ ਮਿਰਚ ਲਗਦੀ ਹੀ ਨਹੀਂ ਇਸ ਲਈ ਇਸਨੂੰ sweet pepper ਵੀ ਕਿਹਾ ਜਾਂਦਾ ਹੈ।
    ਦੁਨੀਆ ਭਰ ਦੀਆਂ ਬੋਲੀਆਂ 'ਚ ਇਨ੍ਹਾਂ ਕੌੜੇ ਫਲਾਂ ਲਈ "ਪਿਪਲਾ" ਤੋਂ ਹੀ ਵਿਗੜੇ ਹੋਏ ਸ਼ਬਦ ਪਰਚਲਤ ਹਨ ਪਰ ਫਰਕ ਪਾਉਣ ਲਈ ਕਾਲਾ ਜਾਂ ਵੱਡਾ ਵਿਸ਼ੇਸ਼ਣ ਲਾ ਦਿੱਤੇ ਹਨ। ਐਪਰ ਭਾਰਤੀ ਬੋਲੀਆਂ ਨੇ ਵਖਰੇ ਸ਼ਬਦ ਕਾਇਮ ਰੱਖੇ ਹਨ ਜਿਵੇਂ ਕਾਲੀ ਮਿਰਚ ਨੂੰ ਉਰਦੂ ਵਿੱਚ "ਪਿਪੁਲ" ਅਤੇ "ਪਿਪਲਾ" ਲਈ ਬਰਾਸਤਾ ਅਰਬੀ "ਫਿਲਫਿਲ"; ਗੁਜਰਾਤੀ ਵਿੱਚ "ਪੀਪਰੀ" ਤੇ "ਮਰੀ", ਅਤੇ ਮਰਾਠੀ ਵਿੱਚ "ਪਿਪਲ਼ੀ" ਤੇ "ਮਿਰੇ", ਪੰਜਾਬੀ ਵਿੱਚ "ਪਿਪਲਾ"/"ਮਘਾਂ" ਅਤੇ "ਕਾਲੀ ਮਿਰਚ" ਕਿਹਾ ਜਾਂਦਾ ਹੈ। ਸੰਸਕ੍ਰਤ ਵਿੱਚ ਤਾਂ ਦੋਵਾਂ ਲਈ ਅਨੇਕਾਂ ਨਾਂ ਹਨ ਜਿਵੇਂ ਪਿਪਲਾ ਲਈ ਉਸ਼ਣ, ਏਰੰਡਾ, ਕਟੀ, ਕਟੂਮੂਲ, ਕੁਕਰਾ, ਮਾਗਧ (ਜਿਸ ਤੋਂ ਪੰਜਾਬੀ ਮਘਾਂ ਬਣਿਆ) ਅਤੇ ਕਾਲੀ ਮਿਰਚ ਲਈ ਉਲਾਘ, ਊਸ਼ਣ, ਕ੍ਰਿਸ਼ਣ, ਕੋਲ, ਚੰਦਰਕ, ਤੀਖਣ, ਮਰਿਚ, ਮਰੀਚ, ਵਲਿਤ ਆਦਿ। ਇਨਾਂ ਦੋਨਾਂ ਮਸਾਲਿਆਂ ਵਿੱਚ ਸੁੰਢ ਪਾਕੇ ਅਯੁਰਵੈਦਿਕ ਔਸ਼ਧੀ ਬਣਾਈ ਜਾਂਦੀ ਹੈ ਜਿਸ ਨੂੰ ਤਿਰਕੁਟਾ ਕਿਹਾ ਜਾਂਦਾ ਹੈ।
  • ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ
    ******************
    ਸ਼੍ਰੇਣੀਬਧ ਸਮਾਜ ਵਿੱਚ ਦਮਿਤ ਸ਼੍ਰੇਣੀ ਦੇ ਲੋਕਾਂ ਲਈ ਆਪਣੀ ਹੈਸੀਅਤ ਤੋਂ ਉਪਰ ਉਠ ਸਕਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਪੂੰਜੀਵਾਦ ਨੇ ਭਾਵੇਂ ਵਿਅਕਤੀਗਤ ਪਧਰ ਤੇ ਅਜੇਹੀ ਜਕੜ ਨੂੰ ਕੁਝ ਹੱਦ ਤੱਕ ਤੋੜਿਆ ਹੈ ਪਰ ਸਮੁੱਚੇ ਤੌਰ ਤੇ ਆਰਥਕ ਸਮਾਜਕ ਬਰਾਬਰੀ ਇਹ ਪ੍ਰਬੰਧ ਵੀ ਨਹੀਂ ਦੇ ਸਕਿਆ ਭਾਵੇਂ ਇਸ ਦਾ ਨਾਹਰਾ ਏਹੀ ਸੀ। ਭੂਪਵਾਦੀ ਪ੍ਰਬੰਧ ਅਧੀਨ ਤਾਂ ਇਹ ਜਕੜਨ ਹੋਰ ਵੀ ਕਠੋਰ ਸੀ। ਧਰਮ ਨੇ ਵੀ ਕਈ ਹਾਲਤਾਂ ਵਿੱਚ ਅਜੇਹੀ ਸਥਿਤੀ ਨੂੰ ਸਬਰ ਸਬੂਰ ਕਰਕੇ ਸਵੀਕਾਰ ਕਰਨ ਦੀ ਸਿਖਿਆ ਦਿੱਤੀ ਹੈ ਜਿਵੇਂ ਦੇਖਿ ਪਰਾਈ ਚੋਪੜੀ ਨਾ ਤਰਸਾਇ ਜੀਉ, ਤੁਕ ਵਿੱਚ ਫਰੀਦ ਨੇ ਫਰਮਾਇਆ ਹੈ। ਕੀ ਲੈਣਾ ਵੱਡਿਆਂ ਬਣਕੇ ਗਰੀਬੀ ਚੰਗੀ ਹੁੰਦੀ ਹੈ, ਜਿਹੀਆਂ ਲੋਕੋਕਤੀਆਂ ਵਿੱਚ ਨਾ ਸਿਰਫ ਗਰੀਬੀ ਨੂੰ ਵਡਿਆਇਆ ਹੀ ਗਿਆ ਹੈ ਬਲਕਿ ਇਸ ਨੂੰ ਵਾਂਛਿਤ ਸਮਝਿਆ ਗਿਆ ਹੈ। ਭਾਰਤ ਦੀ ਜਾਤੀ ਵਿਵਸਥਾ ਨੇ ਤਾਂ ਮਨੁਖ ਦੀ ਹੋਣੀ ਨੂੰ ਇਕ ਤਰਾਂ ਜੂੜ ਕੇ ਹੀ ਰੱਖ ਦਿੱਤਾ ਭਾਵੇਂ ਕਿ ਭਾਰਤੀ ਸਮਾਜ ਵਿੱਚ ਵੀ ਜਾਤੀਆਂ ਦੇ ਉਪਰ ਉਠਣ ਦੀਆਂ ਮਿਸਾਲਾਂ ਮਿਲਦੀਆਂ ਹਨ। ਅਜੇਹੇ ਸਮਾਜ ਵਿੱਚ ਆਮ ਮਨੁਖ ਦੀ ਲਾਚਾਰੀ ਪ੍ਰਗਟਾਉਂਦੇ ਕਈ ਮੁਹਾਵਰੇ ਕਹਾਵਤਾਂ ਹੋਂਦ ਵਿੱਚ ਆਈਆਂ। ਅੱਜ ਕੱਲ੍ਹ ਵੀ, ਘਾਹੀਆਂ ਨੇ ਘਾਹ ਹੀ ਖੋਤਣਾ, ਜਿਹੀ ਉਕਤੀ ਆਮ ਹੀ ਸੁਣਨ ਨੂੰ ਮਿਲਦੀ ਹੈ। ਅਜੇਹੇ ਸਮਾਜ ਵਿੱਚ ਜੇ ਮਾੜਾ ਮੋਟਾ ਕੁਝ ਹਾਸਿਲ ਹੋ ਵੀ ਜਾਵੇ ਤਾਂ ਇਸ ਦੀ ਸੀਮਾ ਜਾਣਦੇ ਹੋਏ ਕਹਿ ਦਿੱਤਾ ਜਾਂਦਾ ਹੈ ਕਿ ਜਵਾਲੇ ਨੇ ਕਿਹੜਾ ਸ਼ਾਹ ਹੋ ਜਾਣਾ ਹੈ। ਕੋਈ ਆਪਣੀ ਔਕਾਤ ਤੋਂ ਉਪਰ ਉਠਣ ਦਾ ਹੌਸਲਾ ਵੀ ਕਰੇ ਤਾਂ ਸਾਥੀਆਂ ਵਲੋਂ Ḕਜਾਤ ਦੀ ਕੋਹੜਕਿਰਲੀ ਤੇ ਸ਼ਤੀਰਾਂ ਨੂੰ ਜੱਫੇḔ ਜਿਹੀ ਕਹਾਵਤ ਸੁਣਾਕੇ ਉਸਦੀ ਪਹਿਲਕਦਮੀ ਨੂੰ ਠਿਠ ਕਰ ਦਿੱਤਾ ਜਾਂਦਾ ਹੈ। ਗੱਲ ਕੀ, ਓੜਕ ਬੱਚਾ ਮੂਲਿਆ ਤੁੰ ਹੱਟੀ ਬਹਿਣਾ ਅਨੁਸਾਰ ਮਨੁਖ ਲਈ ਸਮਾਜ ਵਿੱਚ ਉਚਾ ਉਠਣ ਲਈ ਬਹੁਤੇ ਮੌਕੇ ਨਸੀਬ ਨਹੀਂ ਹਨ।
    ਅਜੇਹੇ ਨਸੀਬਾਂ ਨੂੰ ਹੀ ਸੈਂਕੜੇ ਵਰਿਆਂ ਤੋਂ ਵਿਅਕਤ ਕਰਦਾ ਆ ਰਿਹਾ ਇਕ ਅਖਾਣ ਹੈ, ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ। ਕਿਸਮਤ ਦੇ ਬਲੀਏ ਰਾਜਾ ਭੋਜ ਦੇ ਟਾਕਰੇ ਤੇ ਆਮ ਆਦਮੀ ਗੰਗੂ ਇਕ ਅਣਹੋਇਆ ਸੁਪਨਸਾਜ਼ ਬਣਕੇ ਰਹਿ ਜਾਂਦਾ ਹੈ। ਭੁਖੇ ਲੋਕਾਂ ਦੀਆਂ ਨਜ਼ਰਾਂ ਵਿੱਚ ਭੋਜ ਇਕ ਐਸੇ ਖੁਸ਼ਕਿਸਮਤ ਆਦਮੀ ਦਾ ਨਾਂ ਹੈ ਜੋ ਢਿਡ ਭਰਕੇ ਭੋਜਨ ਕਰਦਾ ਜ਼ਿੰਦਗੀ ਦੇ ਬੁੱਲੇ ਲੁੱਟਦਾ ਹੈ। ਪੰਜਾਬੀ ਸ਼ਬਦ-ਨਿਰਮਾਣ ਦੀ ਜੁਗਤ ਅਨੁਸਾਰ ਕਿਸੇ ਨਾਂ ਦੇ ਪਿਛੇ ਜੇ ḔਊḔ ਦੀ ਮਾਤਰਾ ਲਾ ਦੇਈਏ ਤਾਂ ਉਹ ਇਕ ਅਦਨੇ ਜਿਹੇ ਆਦਮੀ ਜਾਂ ਬੱਚੇ ਦਾ ਨਾਂ ਬਣ ਜਾਂਦਾ ਹੈ ਜਿਵੇਂ ਭੋਲੂ, ਤੇਲੂ, ਲਭੂ ਆਦਿ। ਗੰਗੂ ਵੀ ਅਜੇਹੇ ਨਾਂਵਾਂ ਵਿਚੋਂ ਹੀ ਇਕ ਹੈ। Ḕਪਰਸੂ ਪਰਸਾ ਪਰਸ ਰਾਮḔ ਵਿੱਚ Ḕਇਸ ਮਾਇਆ ਦੇ ਤਿੰਨ ਨਾਮਾਂḔ ਦਾ ਭੇਤ ਖੁਲ੍ਹ ਜਾਂਦਾ ਹੈ। ਕਈ ਹੋਰ ਪਰ ਖਾਸ ਤੌਰ ਤੇ ਦਲਿਤ ਚੇਤਨਾ ਨੂੰ ਪਰਨਾਏ ਸਾਹਿਤਕਾਰਾਂ ਨੇ ਏਕਲਵਿਆ ਦੇ ਪ੍ਰਸੰਗ ਨੂੰ ਇਸ ਕਹਾਵਤ ਦੇ ਨਾਲ ਰਲਾਕੇ ਅਜੇਹੀ ਸਥਿਤੀ ਨੂੰ ਬਦਲਣ ਦਾ ਹੋਕਾ ਦਿੱਤਾ ਹੈ। ਪੰਜਾਬੀ ਕਵੀ ਸੰਤ ਰਾਮ ਉਦਾਸੀ ਨੇ ਗੰਗੂ ਤੇਲੀ ਦੀ ਵਾਰ ਲਿਖ ਮਾਰੀ ਹੈ ਜਿਸ ਵਿੱਚ ਰਾਜਾ ਭੋਜ ਦੀ ਥਾਂ ਗੰਗੂ ਤੇਲੀ ਨੂੰ ਨਾਇਕ ਬਣਾਇਆ ਗਿਆ ਹੈ। ਪ੍ਰਸਿਧ ਭਾਰਤੀ ਅੰਗਰੇਜ਼ੀ ਕਵੀ ਇੰਦਰ ਕੁਮਰ ਸ਼ਰਮਾ ਨੇ ਵੀ ਗੰਗੂ ਤੇਲੀ ਦੀ ਸਿਥਲ ਹੋਈ ਜ਼ਿੰਦਗੀ ਦੇ ਰੋਣੇ ਰੋਏ ਹਨ:
    ਗੰਗੂ ਤੇਲੀ ਮਰਿਆ ਨਹੀਂ
    ਉਹ ਜਿਉਂਦਾ ਵੀ ਨਹੀਂ ਹੈ
    ਯੁਗਾਂ ਯੁਗਾਂ ਤੋਂ ਉਹ
    ਕੋਹਲੂ ਦੇ ਵਿੱਚ ਬੀਜ ਪੀੜਦਾ
    ਕਢ ਰਿਹਾ ਏ ਘਾਣੀ
    ਮਨ 'ਚ ਵਸਾਕੇ ਸੁਪਨਾ
    ਇਕ ਦਿਨ ਆਏਗਾ
    ਉਹ ਆਪਣੇ ਖੁਥੜ ਵਾਲਾਂ ਤੇ ਵੀ
    ਤੇਲ ਲਗਾਏਗਾ
    ਪੰਡਿਤ ਹਮੇਸ਼ਾ ਉਸਨੂੰ
    ਢਾਰਸ ਦੇਂਦਾ :
    Ḕਤੇਰੇ ਹੱਥ ਦੀ ਰੇਖਾ ਤਾਂ ਟੇਢੀ ਮੇਢੀ
    ਸਨਿਚਰ ਤੇਰੇ ਤੇ ਹੈ ਭਾਰੀ
    ਖੁਲ੍ਹਣਗੇ ਐਪਰ ਤੇਰੇ ਵੀ ਭਾਗ
    ਬੱਸ ਕੁਝ ਸਾਲਾਂ ਦਾ ਹੈ ਇੰਤਜ਼ਾਰḔ
    1998 ਚ ਬਣੀ ਹਿੰਦੀ ਕਾਮਿਡੀ ਫਿਲਮ Ḕਦੁਲਹੇ ਰਾਜਾḔ ਵਿੱਚ ਇਕ ਗਾਣਾ ਮਸ਼ਹੂਰ ਹੋਇਆ ਸੀ ਜਿਸ ਦੇ ਬੋਲ ਹਨ:
    ਛਛੂੰਦਰ ਕੇ ਸਿਰ ਪੇ ਨਾ ਭਾਏ ਚਮੇਲੀ,
    ਕਹਾਂ ਰਾਜਾ ਭੋਜ ਔਰ ਕਹਾਂ ਗੰਗੂ ਤੇਲੀ।
    ਇਹ ਕਹਾਵਤ ਲਗਭਗ ਸਾਰੇ ਉਤਰ ਭਾਰਤ ਦੀਆਂ ਬੋਲੀਆਂ ਵਿੱਚ ਪ੍ਰਚਲਤ ਹੈ। ਪਰ ਮਜ਼ੇ ਦੀ ਗੱਲ ਹੈ ਕਿ ਕਹਾਵਤ ਬਣਨ ਸਮੇਂ ਅਜੇਹੀ ਊਚ ਨੀਚ ਦੀ ਟਕਰਾਵੀਂ ਸਥਿਤੀ ਨਹੀਂ ਸੀ ਜਿੰਨੀ ਇਸ ਦੇ ਅਰਥਾਂ ਚੋਂ ਨਿਕਲਦੀ ਹੈ। ਇਸ ਦੇ ਪਿਛੇ ਜੋ ਇਤਿਹਾਸਕ ਵਾਕਿਆ ਖੜਾ ਹੈ ਉਸਨੂੰ ਜਾਣਕੇ ਤੁਸੀਂ ਸਮਝ ਜਾਵੋਗੇ ਕਿ ਸ਼ਬਦਾਂ ਦੀ ਤਰਾਂ ਹੀ ਮੁਹਾਵਰੇ ਅਖਾਣ ਵੀ ਕਈ ਕਈ ਗਿਰਗਿਟ ਦੀ ਤਰਾਂ ਰੂਪ ਬਦਲਦੇ ਹਨ ਤੇ ਅੰਤਮ ਤੌਰ ਤੇ ਜਿਸ ਹਾਲਤ ਵਿੱਚ ਸਾਨੂੰ ਉਪਲਭਦ ਹੁੰਦੇ ਹਨ, ਉਨ੍ਹਾਂ ਦਾ ਮੂਲ ਰੂਪ ਨਾਲ ਕਈ ਵਾਰੀ ਮੇਲ ਬਿਠਾਉਣਾ ਮੁਸ਼ਕਿਲ ਹੀ ਲਗਦਾ ਹੈ। ਇਸ ਕਹਾਵਤ ਪਿਛੇ ਦਰਸਾਈ ਜਾਂਦੀ ਦੰਦ ਕਥਾ ਤੋਂ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਲੋਕ ਕਿਵੇਂ ਕਿਸੇ ਸ਼ਾਬਦਿਕ ਉਕਤੀ ਦੀ ਵਿਆਖਿਆ ਕਰਦੇ ਹਨ। ਇਹ ਕਹਾਵਤ ਕੁਝ ਇਕ ਉਨ੍ਹਾਂ ਲੋਕੋਕਤੀਆਂ ਵਿਚੋਂ ਹੈ ਜਿਨ੍ਹਾਂ ਦੇ ਉਦਭਵ ਦੀ ਨਿਸ਼ਾਨਦੇਹੀ ਹੋ ਸਕੀ ਹੈ। ਆਓ ਜ਼ਰਾ ਇਸਦੀ ਪੈੜ ਨੱਪੀਏ।
    ਇਹ ਕਹਾਵਤ ਉਸ ਰਾਜੇ ਨਾਲ ਸਬੰਧ ਰਖਦੀ ਹੈ ਜਿਸ ਦੇ ਰਾਜ ਦੀ ਅੱਜ ਕਲ੍ਹ ਹਜ਼ਾਰਵੀਂ ਸ਼ਤਾਬਦੀ ਚੱਲ ਰਹੀ ਹੈ। ਰਾਜਾ ਭੋਜ ਨੇ ਅੱਜ ਤੋਂ ਕੋਈ ਇਕ ਹਜ਼ਾਰ ਸਾਲ ਪਹਿਲਾਂ ਇਸ ਕਹਾਵਤ ਨੂੰ ਜਨਮ ਦੇਣ ਲਈ ਆਪਣਾ ਜਨਮ ਧਾਰਿਆ। ਅਜੇਹਾ ਕਰਦਿਆਂ ਉਸਨੂੰ ਅਨੇਕਾਂ ਪ੍ਰਾਕਰਮਾਂ ਦੀ ਪ੍ਰਸੂਤ ਪੀੜਾ ਸਹਿਣੀ ਪਈ। ਥੋੜਾ ਇਤਿਹਾਸ ਜਾਨਣ ਵਾਲੇ ਲੋਕ ਸਮਝਦੇ ਹੋਣਗੇ ਕਿ ਉਸ ਦੇ ਰਾਜ ਵਿੱਚ ਕੋਈ ਗੰਗੂ ਨਾਂ ਦਾ ਤੇਲੀ ਹੋਵੇਗਾ ਜਿਸ ਦੀ ਹੈਸੀਅਤ ਦੀ ਰਾਜੇ ਭੋਜ ਨਾਲ ਤੁਲਨਾ ਕਰਨਾ ਹਾਸੋਹੀਣੀ ਗੱਲ ਹੀ ਹੋਵੇਗੀ। ਪਰ ਡਾਕਟਰ ਵਿਦਿਆਨਿਵਾਸ ਮਿਸ਼ਰਾ ਇਕ ਮਹਾਨ ਭਾਰਤੀ ਲੇਖਕ, ਭਾਸ਼ਾਵਿਗਿਆਨੀ ਤੇ ਕੋਸ਼ਕਾਰ ਹੋਏ ਹਨ ਜਿਨਾਂ ਮਧਕਾਲੀ ਇਤਿਹਾਸ ਦੀ ਫੋਲਾ ਫਾਲੀ ਕਰਦਿਆਂ ਇਕ ਇਤਿਹਾਸਕ ਤੱਥ ਵੱਲ ਧਿਆਨ ਦੁਆਇਆ ਜਿਸ ਤੋਂ ਇਸ ਲੋਕੋਕਤੀ ਦੇ ਮੁਢ ਦਾ ਸੰਕੇਤ ਮਿਲਦਾ ਹੈ। ਇਹ ਸੰਕੇਤ ਧਾਰਾਨਗਰੀ ਦੇ ਰਾਜਾ ਭੋਜ ਦੀ ਵੀਰਤਾ ਵੱਲ ਹੈ। ਭੋਜਦੇਵ ਪਰਮਾਰ ਵੰਸ਼ੀ ਰਾਜਾ ਸੀ। ਇਸ ਵੰਸ਼ ਦਾ ਸਬੰਧ ਰਾਜਸਥਾਨ ਦੀਆਂ ਆਰਾਵਲੀ ਪਹਾੜੀਆਂ ਦੀ ਗੋਦ ਵਿੱਚ ਵਸੀ ਸਿਰੋਹੀ ਦੇ ਅਗਨੀਕੁਲ ਰਾਜਪੂਤਾਂ ਨਾਲ ਦੱਸਿਆ ਜਾਂਦਾ ਹੈ। ਪਰਮਾਰ ਵੰਸ਼ ਨੇ 1000 ਤੋਂ 1285 ਤੱਕ ਮਾਲਵਾ ਵਿੱਚ ਰਾਜ ਕੀਤਾ। ਭੋਜਦੇਵ ਇਸ ਮਹਾਪ੍ਰਤਾਪੀ ਵੰਸ਼ ਦੀ ਪੰਜਵੀਂ ਪੀੜੀ ਵਿੱਚੋਂ ਸੀ। ਉਸਦੀ ਰਾਜਧਾਨੀ ਧਾਰ ਸੀ। ਉਸ ਦੇ ਰਾਜ ਸੰਭਾਲਣ ਪਿਛੋਂ ਉਹ ਚਾਰੇ ਪਾਸੇ ਦੁਸ਼ਮਣਾਂ ਨਾਲ ਘਿਰਿਆ ਹੋਇਆ ਸੀ। ਪਰ ਉਸਨੇ ਸਾਰਿਆਂ ਨੂੰ ਹਰਾ ਦਿੱਤਾ। ਰਾਜਾ ਭੋਜ ਸ਼ੈਵ ਮਤ ਨਾਲ ਸਬੰਧ ਰਖਦਾ ਸੀ। ਮਹਿਮੂਦ ਗਜ਼ਨਵੀ ਦੇ ਸੋਮਨਾਥ ਦੀ ਲੁਟਮਾਰ ਤੇ ਮਿਸਮਾਰ ਤੋਂ ਉਹ ਬਹੁਤ ਕ੍ਰੋਧਿਤ ਹੋਇਆ। ਉਸਨੇ ਹੋਰ ਹਿੰਦੂ ਰਾਜਿਆਂ ਨੂੰ ਇਕੱਠੇ ਕਰਕੇ ਗਜ਼ਨਵੀ ਦੇ ਪੁਤਰ ਸਾਲਾਰ ਮਸੂਦ ਨੂੰ ਇਕ ਮਹੀਨੇ ਦੇ ਭੀਸ਼ਮ ਯੁਧ ਪਿਛੋਂ ਮਾਰ ਮੁਕਾਕੇ ਸੋਮਨਾਥ ਦਾ ਬਦਲਾ ਲਿਆ। ਉਸਨੇ ਭੋਪਾਲ ਤੋਂ 32 ਕਿਲੋਮੀਟਰ ਦੂਰ ਭੋਜਪੁਰ ਦੀ ਜਗਹ ਤੇ ਸ਼ਿਵ ਮੰਦਿਰ ਦਾ ਨਿਰਮਾਣ ਕਰਕੇ ਮਾਲਵੇ ਵਿੱਚ ਸੋਮਨਾਥ ਦੀ ਸਥਾਪਨਾ ਕਰ ਦਿੱਤੀ।
    ਰਾਜਾ ਭੋਜ ਦੇ ਦੋ ਹੋਰ ਸਮਕਾਲੀ ਰਾਜੇ ਸਨ ਜੋ ਧਾਰਾਨਗਰੀ ਤੇ ਈਰਖਾਲੂ ਅੱਖ ਰਖਦੇ ਸਨ। ਇਹ ਸਨ ਤਿਰਹੁਤ ਦੇ ਰਾਜਾ ਗਾਂਗੇਯ ਦੇਵ ਅਤੇ ਤਿਲੰਗਾਨਾ ਦੇ ਰਾਜਾ ਤੈਲਪ। ਦੋਨੋਂ ਰਾਜਿਆਂ ਨੇ ਮਿਲਕੇ ਰਾਜਾ ਭੋਜ ਤੇ ਚੜ੍ਹਾਈ ਕਰ ਦਿੱਤੀ ਪਰ ਉਸਨੂੰ ਹਰਾ ਨਾ ਸਕੇ ਤੇ ਉਨ੍ਹਾਂ ਨੂੰ ਭਾਂਜ ਹੋਈ। ਅਸਲ ਵਿੱਚ ਇਹ ਦੋਨੋਂ ਰਾਜੇ ਗਾਂਗੇਯ ਅਤੇ ਤੈਲਪ ਹੀ ਸਨ ਜੋ ਪਿਛੋਂ ਕਹਾਵਤ ਵਿੱਚ ਗੰਗੂ ਅਤੇ ਤੇਲੀ ਦਾ ਰੂਪ ਧਾਰ ਗਏ। ਸਪਸ਼ਟ ਹੈ ਕਿ ਦੋਨਾਂ ਰਾਜਿਆਂ ਦੀ ਹਾਰ ਦੇਖਕੇ ਪਹਿਲਾ ਪਹਿਲਾਂ ਲੋਕਾਂ ਨੇ ਪ੍ਰਤਿਕਿਰਿਆ ਦਿੱਤੀ ਹੋਵੇਗੀ, ਕਿਥੇ ਰਾਜਾ ਭੋਜ ਤੇ ਕਿਥੇ ਗਾਂਗੇਯ ਤੈਲਪ। ਅਰਥਾਤ ਦੋ ਰਾਜਿਆਂ ਦਾ ਇਕੱਠ ਵੀ ਇਕੱਲੇ ਰਾਜਾ ਭੋਜ ਦੇ ਟਾਕਰੇ ਕੁਝ ਨਹੀਂ ਸੀ। ਪਰ ਕਹਾਵਤ ਵਿੱਚ ਗੰਗੂ ਤੇਲੀ ਦੇ ਰੂਪ ਵਿੱਚ ਪਲਟ ਗਏ ਗਾਂਗੇਯ ਤੈਲਪ ਦੀ ਪਰਿਮਾਣਕਤਾ ਸਿਧ ਕਰਨ ਲਈ ਭੌਤਿਕ ਗਵਾਹੀਆਂ ਵੀ ਦਰਸਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਕੋਹਲਾਪੁਰ ਸ਼ਹਿਰ ਵਿੱਚ ਇਕ ਕਿਲਾ ਹੈ ਜੋ ਰਾਜਾ ਭੋਜ ਨੇ ਬਣਵਾਇਆ। ਇਸ ਕਿਲੇ ਦੇ ਇਕ ਖੂੰਜੇ ਵਿੱਚ ਇਕ ਨਿਮਾਣੀ ਜਿਹੀ ਕਬਰ ਸਥਿਤ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਤਥਾਕਥਿਤ ਗੰਗੂ ਤੇਲੀ ਦੀ ਪਤਨੀ ਅਤੇ ਬੱਚੇ ਦੀ ਹੈ। ਦੱਸਿਆ ਜਾਂਦਾ ਹੈ ਕਿ ਜਦ ਇਸ ਕਿਲੇ ਦੀ ਦੀਵਾਰ ਉਸਾਰੀ ਜਾ ਰਹੀ ਸੀ ਤਾਂ ਇਹ ਬਾਰ ਬਾਰ ਢਹਿ ਜਾਂਦੀ ਸੀ। ਕਿਸੇ ਸਿਆਣੇ ਪੰਡਿਤ ਨੇ ਸਲਾਹ ਦਿੱਤੀ ਕਿ ਕਿਸੇ ਨਵੇਂ ਜੰਮੇ ਬੱਚੇ ਦੀ ਬਲੀ ਦੇਣ ਨਾਲ ਕੰਧ ਡਿਗਣੋਂ ਹਟ ਸਕਦੀ ਹੈ। ਰਾਜੇ ਨੇ ਡੌਂਡੀ ਪਿਟਾ ਦਿਤੀ। ਗੰਗੂ ਨਾਂ ਦੇ ਤੇਲੀ ਨੇ ਆਪਣੀ ਪਤਨੀ ਜੱਕੂਹਾਈ ਨੂੰ ਆਪਣੇ ਨਵੇਂ ਜੰਮੇ ਬੱਚੇ ਦੀ ਅਹੁਤੀ ਦੇਣ ਦੀ ਪਰੇਰਨਾ ਕੀਤੀ। ਇਸ ਬਲੀ ਤੋਂ ਬਾਅਦ ਇਹ ਕਬਰ ਬਣਾਈ ਗਈ ਜੋ ਅੱਜ ਵੀ ਤੇਲੀ ਜਾਤ ਦੇ ਲੋਕਾਂ ਲਈ ਤੀਰਥ ਸਮਾਨ ਸਮਝੀ ਜਾਂਦੀ ਹੈ। ਇਤਿਹਾਸ ਵਿੱਚ ਭੋਜ ਨਾਂ ਦੇ ਹੋਰ ਰਾਜਿਆਂ ਦਾ ਵੀ ਵਰਨਣ ਹੈ ਜਿਨਾਂ ਵਿਚੋਂ ਇਕ ਹੈ ਅੱਠਵੀਂ ਨੌਵੀਂ ਸਦੀ ਦਾ ਕਨੌਜ ਦਾ ਰਾਜਾ ਮਿਹਿਰ ਭੋਜ ਜੋ ਕਿ ਗੁੱਜਰ ਜਾਤੀ ਜਾਤੀ ਨਾਲ ਸਬੰਧ ਰਖਦਾ ਸੀ। ਇਸਦਾ ਰਾਜ ਖੇਤਰ ਦੱਖਣ ਵਿੱਚ ਨਰਮਦਾ, ਉਤਰ-ਪੱਛਮ ਵਿੱਚ ਸਤਲੁਜ ਅਤੇ ਪੂਰਬ ਵਿੱਚ ਬੰਗਾਲ ਤੱਕ ਫੈਲਿਆ ਹੋਇਆ ਸੀ। ਇਹ ਕਹਾਵਤ ਇਸ ਰਾਜੇ ਨਾਲ ਵੀ ਸਬੰਧਤ ਦੱਸੀ ਜਾਂਦੀ ਹੈ। ਗਵਾਲੀਅਰ ਦੇ ਨੇੜੇ ਤੇਲੀ ਕਾ ਮੰਦਿਰ ਨਾਂ ਨਾਲ ਜਾਣਿਆ ਜਾਂਦਾ ਇਕ ਮੰਦਿਰ ਹੈ। ਕਿਹਾ ਜਾਂਦਾ ਹੈ ਮੰਦਿਰ ਦੇ ਨਿਰਮਾਣ ਸਮੇ ਗੰਗੂ ਨਾਂ ਦਾ ਤੇਲੀ ਏਥੇ ਕੰਮ ਕਰਿਆ ਕਰਦਾ ਸੀ।
    ਐਪਰ ਇਸ ਕਹਾਵਤ ਦੀ ਗਾਂਗੇਯ ਤੈਲਪ ਸਬੰਧੀ ਵਿਆਖਿਆ ਹੀ ਸਭ ਤੋਂ ਵਧ ਮੰਨਣਣੋਗ ਪ੍ਰਤੀਤ ਹੁੰਦੀ ਹੈ। ਧਾਰ ਦਾ ਰਾਜਾ ਭੋਜ ਸੂਰਬੀਰ ਤਾਂ ਸੀ ਹੀ, ਉਸ ਦਾ ਨਾਂ ਸਾਹਿਤ, ਕਲਾ, ਸੰਗੀਤ, ਜੋਤਿਸ਼, ਵਸਤੂਕਲਾ, ਸੁਹਜ, ਧਰਮ ਅਤੇ ਦਰਸ਼ਨ ਦੇ ਖੇਤਰ ਵਿੱਚ ਵੀ ਚਮਕ ਰਿਹਾ ਹੈ। ਉਸਨੇ ਕੋਈ 84 ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ Ḕਭੋਜ ਪ੍ਰਬੰਧਨਮḔ ਨਾਂ ਦੀ ਉਸ ਨੇ ਆਤਮਕਥਾ ਵੀ ਸ਼ਾਮਿਲ ਹੈ। ਉਹ ਬਹੁਤ ਮਹਾਨ ਨਿਰਮਾਤਾ ਵੀ ਸੀ। ਉਸਦੇ ਨਾਂ ਨਾਲ ਪ੍ਰਚਲਤ ਸ਼ਹਿਰ ਭੋਜਪੁਰ ਦਾ ਸ਼ਿਵ ਮੰਦਿਰ ਉਤਮ ਕਲਾ ਦਾ ਨਮੂਨਾ ਹੈ। ਮਧ ਪ੍ਰਦੇਸ਼ ਦੀ ਰਾਜਧਾਨੀ ਵਾਲੇ ਸ਼ਹਿਰ ਭੁਪਾਲ ਦੀ ਬੁਨਿਆਦ ਵੀ ਉਸੇ ਨੇ ਰੱਖੀ। ਇਸਦਾ ਪੁਰਾਰਾਤਨ ਨਾਂ ਇਸੇ ਦੇ ਨਾਂ ਪਿਛੇ ਹੀ ਭੋਜਪਾਲ ਸੀ। ਪਾਲ ਦਾ ਅਰਥ ਬੰ੍ਹਨ ਜਾਂ ਡੈਮ ਹੁੰਦਾ ਹੈ। ਇਸ ਸ਼ਹਿਰ ਦੇ ਆਸ ਪਾਸ ਝੀਲਾਂ ਤੇ ਤਾਲ ਬਣਾਉਣ ਲਈ ਕਈ ਬੰਨ ਲਾਏ ਗਏ ਸਨ। ਭੋਪਾਲ ਦੀ ਇਕ ਵੱਡੀ ਝੀਲ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚ ਸ਼ੁਮਾਰ ਹੁੰਦੀ ਹੈ। ਏਥੇ ਇਕ ਕਹਾਵਤ ਮਸ਼ਹੂਰ ਹੈ, Ḕਤਾਲੋਂ ਮੇਂ ਤਾਲ ਭੋਪਾਲ ਕਾ ਤਾਲ, ਬਾਕੀ ਸਭ ਤਲਈਆ।ਏਥੋਂ ਦੇ ਹਵਾਈ ਅੱਡੇ ਦਾ ਨਾਂ ਵੀ ਰਾਜਾ ਭੋਜ ਦੇ ਨਾਂ ਤੇ ਰੱਖਿਆ ਗਿਆ ਹੈ।


    • Sulekh Raj ਵਰਿਆ ਦੀ ਸੁਨੀ ਕਹਾਵਤ ਦਾ ਅੱਜ ਅਰਥ ਮਿਲਿਆ ! 
      ਤੁਹਾਡਾ ਧਨਵਾਦ ਆ ਜੀ ਬਾਸੀ ਸਾਹਿਬ ....ਸਚ ਨਾਲ ਮੁਲਾਕਾਤ ਕਰਵਾਉਣ ਵਾਸਤੇ !
      ..
      ..
      ..ਜੇ ਕਹਾਵਤ ਦੀ ਗੱਲ ਤੁਰੀ ਹੀ ਆ ਮੈਂ ਇੱਕ ਸਵਾਲ ਰਖਦਾ ਆ ..
      ਇੱਕ ਕਰੇਲਾ ਦੂਜਾ ਨੀਮ ਚੜਿਆ "" 
      ਕੀ ਇਹ ਪੰਜਾਬੀ ਕਹਾਵਤ ਹੈ ਜਾ ਕੋਈ ਹੋਰ ਭਾਸ਼ਾ ਦੀ !

    • Lok Raj ਕੀ ਇਸ ਕਹਾਵਤ ਦਾ ਮੌਜੂਦਾ ਰੂਪ ਪੰਜਾਬੀ 'ਚ ਹੀ ਹੈ ਜਾਂ ਹਿੰਦੀ ਵਿਚ ਵੀ ਇਸੇ ਤਰਾਂ ਹੈ?

    • Virinder Kaur anii knowledge kithhe sabh ke rakhi hai,oh vee pardes wich.good knowledge, thank u ji

    • Baljit Basi Lok Raj ਹਿੰਦੀ ਵਿਚ ਇਸਦਾ ਰੂਪ ਹੈ,"ਕਹਾਂ ਰਾਜਾ ਭੋਜ ਔਰ ਕਹਾਂ ਗੰਗੂ ਤੇਲੀ"। ਇਸ ਕਹਾਵਤ ਵਾਲਾ ਗਾਣਾ ਵੀ ਹੈ ਜਿਸ ਦਾ ਜ਼ਿਕਰ ਕੀਤਾ ਗਿਆ ਹੈ।

    • Baljit Basi Sulekh Raj ਇਕ ਕਰੇਲਾ ਦੂਜਾ ਨਿੰਮ ਚੜ੍ਹਿਆ ਉਰਦੂ ਮੁਹਾਵਰੇ ਦਾ ਗਲਤ ਪੰਜਾਬੀ ਅਨੁਵਾਦ ਹੈ। ਉਰਦੂ ਵਿਚ ਨੀਮ ਦਾ ਮਤਲਬ ਘਟ ਹੁੰਦਾ ਹੈ ਜਿਵੇਂ ਨੀਮ-ਹਕੀਮ ਵਿਚ। ਸੋ "ਏਕ ਕਰੇਲਾ ਦੂਸਰਾ ਨੀਮ ਚੜਾ ਕਾ " ਦਾ ਸ਼ਾਬਦਿਕ ਅਰਥ ਹੋਇਆ ਇਕ ਕਰੇਲਾ ਦੂਜਾ ਘਟ ਰਿਝਿਆ। ਘਟ ਰਿਝਿਆ ਕਰੇਲਾ ਹੋਰ ਵੀ ਕੌੜਾ ਹੋ ਜਾਂਦਾ ਹੈ। ਪਰ ਪੰਜਾਬੀ ਵਿਚ ਅਸੀਂ *ਨੀਮ ਨੂੰ *ਨਿੰਮ ਬਣਾ ਕੇ ਇਕ ਹੋਰ ਤਰਾਂ ਇਸ ਵਿਚੋਂ ਦੂਹਰੇ ਕੌੜੇਪਣ ਦੇ ਅਰਥ ਕਢ ਲਏ। ਇਹ ਸੰਜੋਗ ਦੀ ਹੀ ਗੱਲ ਹੈ ਕਿ ਅਰਥ ਦਾ ਅਨਰਥ ਨਹੀਂ ਹੋਇਆ।

    • Lok Raj ਕਰੇਲੇ ਤੇ ਨਿਮ ਵਾਲੀ ਕਹਾਵਤ ਬਾਰੇ ਮੈਂ ਪਹਿਲਾਂ ਵੀ ਪੜ੍ਹਿਆ ਹੈ ਪਰ ਇਹ ਦਲੀਲ ਮੈਨੂੰ ਠੀਕ ਨਹੀਂ ਲੱਗਦੀ | ਰਿਝਿਆ ਨੂੰ ਚੜ੍ਹਿਆ ਨਹੀਂ ਕਿਹਾ ਜਾਂਦਾ | ਦਾਲ ਚੜ੍ਹਾਉਣਾ (ਜਾਂ ਕੁਝ ਵੀ ਹੋਰ) ਮਤਲਬ ਚੁੱਲ੍ਹੇ ਤੇ ਰੱਖਣਾ, ਬਣਾਉਣ ਜਾਂ ਰਿੰਨ੍ਹਣ ਲਈ, ਤੇ 'ਚੜ੍ਹਾਉਣਾ' ਨੂੰ ਇਸ ਮਤਲਬ ਲਈ ਪੰਜਾਬੀ ਵਿਚ ਵਰਤਿਆ ਜਾਂਦਾ | 'ਚੜ੍ਹਾਇਆ' ਓਨੀ ਦੇਰ ਹੀ ਕਿਹਾ ਜਾਂਦਾ ਹੈ ਜਿੰਨੀ ਦੇਰ ਤੌੜੀ ਚੁਲ੍ਹੇ ਉੱਤੇ ਹੁੰਦੀ ਹੈ | ਬਣ ਚੁੱਕੀ ਜਾਂ ਰਿਝ ਚੁੱਕੀ ਦਾਲ ਸਬਜ਼ੀ ਨੂੰ 'ਚੜ੍ਹੀ ਹੋਈ' ਨਹੀਂ ਕਿਹਾ ਜਾਂਦਾ | ਦੂਸਰੇ, ਇਹ ਮੁਹਾਵਰਾ ਉਰਦੂ ਦਾ ਨਹੀਂ, ਹਿੰਦੀ ਦਾ ਹੈ | 
      ਨੀਮ (ਨਿਮ) ਤੇ ਕਰੇਲੇ ਦਾ ਕੱਠਾ ਹੋਣਾ ਕੁੜੱਤਣ ਨੂੰ ਹੋਰ ਵਧਾਉਣ ਦਾ ਲਖਾਇਕ ਹੀ ਹੈ
    • Baljit Basi ਇਸ ਮੁਹਾਵਰੇ ਦੇ ਪੰਜਾਬੀ ਰੂਪ ਵਿਚ ਅਸੀਂ ਚੜ੍ਹਿਆ ਦਾ ਅਰਥ ਰਿਝਿਆ ਵਜੋਂ ਨਹੀਂ ਬਲਕਿ "ਉਪਰ ਉਠਿਆ" ਹੀ ਲੈ ਰਹੇ ਹਾਂ ਅਰਥਾਤ ਨਿੰਮ ਤੇ ਚੜ੍ਹਨ ਦਾ। ਘਟ ਦੇ ਅਰਥਾਂ ਵਾਲਾ *ਨੀਮ ਸ਼ਬਦ ਮੁਢਲੇ ਤੌਰ ਤੇ ਫਾਰਸੀ ਦਾ ਹੈ। ਸੰਸਕ੍ਰਿਤ ਵਲੋਂ ਇਸ ਦਾ ਸੁਜਾਤੀ ਸ਼ਬਦ ਹੈ, *ਨਿਮਨ ।

    • Sulekh Raj Baljit Basi ji ਬਿਲਕੁਲ ਬਾਸੀ ਜੀ ਮੈਂ ਤੁਹਾਡੇ ਨਾਲ ਸੇਹ੍ਮਤ ਆ ...ਇਥੇ ਕਰੇਲਾ ਨਿਮ੍ਮ ਤੇ ਦਰਖਤ ਉਪਰ ਚੜਿਆ ਹੀ ਦੇਖਿਆ ਜਾਂਦਾ ਹੈ ! ਇੱਕ ਕਰੇਲਾ ਤੇ ਆਪ ਕੌੜਾ ਦੂਜਾ ਓਹ ਕੌੜੀ ਨਿਮ੍ਮ ਤੇ ਚੜ ਗਿਆ ..ਅਸਰ ਵਧ ਗਿਆ ..
      ਇੱਕ ਨਮੂਨਾ ਅਜਿਹਾ ਹੋਰ ਆ ..
      ਇੱਕ ਸੱਪ ਦੂਜਾ ਉੜਨਾ ! ਅਸਰ ਵਧ ਗਿਆ !
      --------------------------------
      ਇਕ ਜੱਟ ਦੇ ਮੱਕੀ ਦੇ ਖੇਤ ਚੋਂ ਇਕ ਭਈਏ ਨੇ ਛੱਲੀ ਤੋੜ ਲਈ। ਜੱਟ ਨੇ ਰੰਗੇ ਹੱਥੀਂ ਫੜ ਲਿਆ। ਦੋਨਾਂ ਦਾ ਆਪਸ ਵਿਚ ਇਸ ਤਰਾਂ ਦਾ ਵਾਰਤਾਲਾਪ ਹੋਇਆ:
      ਜੱਟ: ਤੂੰ ਛੱਲੀ ਕਿਉਂ ਭੰਨੀ ?
      ਭਈਆ: ਜੀ ਗਲਤੀ ਹੋ ਗਈ।
      ਜੱਟ: ਉਹ ਤਾਂ ਤੇਰੀ ਗੱਲ ਮੰਨੀ ਪਰ ਤੂੰ ਛੱਲੀ ਕਿਉਂ ਭੰਨੀ?
      ਭਈਆ: ਜੀ ਆਗੇ ਸੇ ਨਹੀਂ ਭੰਨਤਾ।
      ਜੱਟ: ਉਹ ਤਾਂ ਤੇਰੀ ਗੱਲ ਮੰਨੀ, ਪਰ ਤੂੰ ਛੱਲੀ ਕਿਉਂ ਭੰਨੀ?
      ਭਈਆ : ਅੱਬ ਮਾਫੀ ਦੇ ਦੋ ਜੀ, ਕਹਿ ਦੀਆ ਨਾ ਗਲਤੀ ਹੋ ਗਈ
      ਜੱਟ: ਉਹ ਤਾਂ ਤੇਰੀ ਗੱਲ ਮੰਨੀ ਪਰ ਤੂੰ ਛੱਲੀ ਕਿਉਂ ਭੰਨੀ?
      ਭਈਆ : ਆਪ ਕੇ ਪਾਂਵ ਛੂਤਾ ਹੂੰ, ਜਾਨੇ ਦੋ।
      ਜੱਟ: ਉਹ ਤਾਂ ਤੇਰੀ ਗੱਲ ਮੰਨੀ ਪਰ ਤੂੰ ਛੱਲੀ ਕਿਉਂ ਭੰਨੀ?
      ææææææææææææææææ
      æææææææææææææææææ
      ææææææææææææææææ
      æææææææææææææææ
      ææææææææææææ
      ਜੱਟ: ਉਹ ਤਾਂ ਤੇਰੀ ਗੱਲ ਮੰਨੀ ਪਰ ਤੂੰ ਛੱਲੀ ਕਿਉਂ ਭੰਨੀ?
      æææææææææææ
      ææææææææ
      -----------------
      ਕੁਝ ਦਿਨ ਪਹਿਲਾਂ ਬਲਰਾਜ ਸਿੱਧੂ ਦੀ ਵਾਲ ਤੇ ਪੜ੍ਹਨ ਨੂੰ ਮਿਲਿਆ, "ਟੁੱਟ ਪੈਣੇ ਦਰਜ਼ੀ ਨੇ ਮੇਰੀ ਰੱਖ'ਲੀ ਝੱਗੇ ਚੋਂ ਟਾਕੀ ਦਾ ਕੀ ਮਤਲਬ ਹੈ? ਦਰਜ਼ੀ ਗਾਹਕਾਂ ਦੇ ਕੱਪੜੇ ਸਿਉਣ ਬਾਅਦ ਟਾਕੀਆਂ ਕਿਉਂ ਰੱਖਦੇ ਹੁੰਦੇ ਸਨ। ਖਾਸ ਕਰ ਕੁੜੀਆਂ ਦੇ ਵਸਤਰਾਂ ਵਿਚੋਂ।" ਸਿਧੂ ਨੇ ਕਿਹਾ ਹੈ ਕਿ ਇਸ ਦਾ ਜਵਾਬ 'ਮੇਰੇ ਵਸਤਰ' ਨਾਵਲ ਵਿਚ ਹੈ। ਮੈਂ ਇਹ ਨਾਵਲ ਤਾਂ ਨਹੀਂ ਪੜ੍ਹਿਆ ਪਰ ਇਸ ਪ੍ਰਸੰਗ ਵਿਚ ਆਪਣੇ ਪਿੰਡ ਦੇ ਇਕ ਬੰਦੇ ਦੀ ਗੱਲ ਸੁਣਾਉਂਦਾ ਹਾਂ। ਪਿਛਲੇ ਜ਼ਮਾਨੇ ਵਿਚ ਬੁੜੀਆਂ ਦੂਜੇ ਪਿੰਡ ਮੁਕਾਣ ਤੇ ਜਾਂਦੀਆਂ ਸਨ ਤਾਂ ਘਗਰੇ ਪਹਿਨ ਕੇ ਘਰੋਂ ਤੁਰਦੀਆਂ ਸਨ। ਘਗਰੇ ਭਾਰੀ ਹੋਣ ਕਰਕੇ ਰਸਤੇ ਵਿਚ ਉਹ ਇਨ੍ਹਾਂ ਨੂੰ ਉਤਾਰ ਕੇ ਸਿਰ ਤੇ ਰੱਖ ਲੈਂਦੀਆਂ ਸਨ। ਸਾਡੇ ਪਿੰਡ ਦਾ ਇਕ ਮਨਚਲਾ ਅਜੇਹੀ ਤਾਕ ਵਿਚ ਰਹਿੰਦਾ ਸੀ। ਉਹ ਮੁਕਾਣ ਵਾਲੀਆਂ ਬੁੜੀਆਂ ਦੇ ਪਿਛੇ ਪਿਛੇ ਜਾਂਦਾ ਤੇ ਰਸਤੇ ਵਿਚ ਉਨ੍ਹਾਂ ਦੇ ਘਗਰਿਆਂ ਦਾ ਭਾਰ ਵੰਡਾਉਣ ਦੀ ਪੇਸ਼ਕਸ਼ ਕਰਦਾ। ਬੁੜੀਆਂ ਨੂੰ ਉਸ ਦੇ ਇਸ ਭੁਸ ਦਾ ਪਤਾ ਸੀ। ਉਹ ਹਸਦੀਆਂ ਹੋਈਆਂ ਆਪਣੇ ਘੱਗਰੇ ਉਸ ਦੇ ਸਿਰ ਤੇ ਚੁਕਾ ਦਿੰਦੀਆਂ। ਉਸ ਬੰਦੇ ਨੂੰ ਤਾਂ ਔਰਤਾਂ ਦੇ ਇਨ੍ਹਾਂ ਘਗਰਿਆਂ ਦਾ ਭਾਰ ਹੀ ਮਹਿਸੂਸ ਨਹੀਂ ਸੀ ਹੁੰਦਾ। ਕਿਉਂ?

No comments:

Post a Comment